ਭਾਰਤ-ਫਰਾਂਸ ਸਾਂਝ ਦਾ ਨਵਾਂ ਅਧਿਆਇ: ਵੇਮਗਲ ਵਿੱਚ H125 ਹੈਲੀਕਾਪਟਰ ਪਲਾਂਟ ਦਾ ਉਦਘਾਟਨ

ਨਿਊਜ਼ ਪੰਜਾਬ

18 ਫ਼ਰਵਰੀ 2026

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੁੰਬਈ ਵਿੱਚ ਮਹੱਤਵਪੂਰਨ ਮੁਲਾਕਾਤ ਕਰਕੇ ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ। ਇਸ ਦੌਰਾਨ ਕਰਨਾਟਕ ਦੇ ਵੇਮਗਲ ਵਿੱਚ Airbus H125 ਹੈਲੀਕਾਪਟਰ ਦੀ ਅੰਤਿਮ ਅਸੈਂਬਲੀ ਲਾਈਨ ਦਾ ਉਦਘਾਟਨ ਕੀਤਾ ਗਿਆ, ਜੋ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਉਦਯੋਗਿਕ ਸਹਿਯੋਗ ਦਾ ਵੱਡਾ ਪ੍ਰਤੀਕ ਹੈ

ਇਹ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਹੈਲੀਕਾਪਟਰ ਨਿਰਮਾਣ ਸਹੂਲਤ ਹੈ, ਜੋ Tata Advanced Systems Limited ਅਤੇ Airbus ਦੇ ਸਾਂਝੇ ਉੱਦਮ ਰਾਹੀਂ ਸਥਾਪਿਤ ਹੋਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਮੁਹਿੰਮ ਨੂੰ ਮਜ਼ਬੂਤੀ ਦੇਵੇਗਾ। ਉਨ੍ਹਾਂ ਨੇ ਮਾਣ ਜਤਾਇਆ ਕਿ ਭਾਰਤ ਅਤੇ ਫਰਾਂਸ ਮਿਲ ਕੇ ਇੱਕ ਅਜਿਹਾ ਹੈਲੀਕਾਪਟਰ ਤਿਆਰ ਕਰਨਗੇ ਜੋ ਮਾਊਂਟ ਐਵਰੈਸਟ ਦੀ ਉਚਾਈ ਤੱਕ ਉੱਡ ਸਕਦਾ ਹੈ ਅਤੇ ਜਿਸਦਾ ਨਿਰਯਾਤ ਵੀ ਦੁਨੀਆ ਭਰ ਵਿੱਚ ਕੀਤਾ ਜਾਵੇਗਾ।

ਮੋਦੀ ਨੇ ਕਿਹਾ ਕਿ ਭਾਰਤ ਨੇ ਯੂਰਪੀ ਸੰਘ ਨਾਲ ਸਭ ਤੋਂ ਵੱਡਾ ਅਤੇ ਮਹੱਤਵਾਕਾਂਖੀ ਮੁਕਤ ਵਪਾਰ ਸਮਝੌਤਾ (FTA) ਕੀਤਾ ਹੈ, ਜੋ ਭਾਰਤ-ਫਰਾਂਸ ਰਿਸ਼ਤਿਆਂ ਨੂੰ ਨਵੀਂ ਗਤੀ ਦੇਵੇਗਾ। ਦੋਹਰੇ ਟੈਕਸ ਤੋਂ ਬਚਾਅ ਲਈ ਹੋਏ ਸਮਝੌਤੇ ਨਾਲ ਨਿਵੇਸ਼ ਅਤੇ ਵਪਾਰ ਨੂੰ ਹੋਰ ਆਸਾਨੀ ਮਿਲੇਗੀ।ਇਹ ਸਾਰੇ ਕਦਮ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼ ਅਤੇ ਲੋਕਾਂ ਦੀ ਆਵਾਜਾਈ ਵਿੱਚ ਨਵੀਂ ਉਰਜਾ ਭਰਨਗੇ।