ਅਮਰਨਾਥ ਯਾਤਰਾ 3 ਜੁਲਾਈ ਤੋਂ ਹੋਵੇਗੀ ਸ਼ੁਰੂ,ਅਮਰਨਾਥ ਯਾਤਰਾ ਦੌਰਾਨ ਕੀਤੇ ਗਏ ਸਖ਼ਤ ਸੁਰੱਖਿਆ ਇੰਤਜ਼ਾਮ

ਨਿਊਜ਼ ਪੰਜਾਬ

11 ਜੂਨ 2025

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਕਿਹਾ ਕਿ ਆਉਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਿਨਹਾ ਨੇ ਸ਼ਰਧਾਲੂਆਂ ਨੂੰ ਪਵਿੱਤਰ ਗੁਫਾ ਵਿੱਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਆਉਣ ਦੀ ਅਪੀਲ ਕੀਤੀ। ਸਿਨਹਾ ਨੇ ਇਸ ਸਾਲ ਦੀ ਸਾਲਾਨਾ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਪਵਿੱਤਰ ਗੁਫਾ ਵਿੱਚ ‘ਪ੍ਰਥਮ ਪੂਜਾ’ ਕਰਕੇ ਕੀਤੀ। ਸਿਨਹਾ ਨੇ ਕਿਹਾ ਕਿ ਪ੍ਰਥਮ ਪੂਜਾ ਖਤਮ ਹੋ ਗਈ ਹੈ। ਮੈਂ ਸ਼ਰਧਾਲੂਆਂ ਨੂੰ ਯਾਤਰਾ ਲਈ ਵੱਡੀ ਗਿਣਤੀ ਵਿੱਚ ਆਉਣ ਦੀ ਬੇਨਤੀ ਕਰਦਾ ਹਾਂ। ਇਹ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਰੱਖੜੀ ਵਾਲੇ ਦਿਨ 9 ਅਗਸਤ ਨੂੰ ਸਮਾਪਤ ਹੋਵੇਗੀ।ਉਨ੍ਹਾਂ ਕਿਹਾ ਕਿ ਸ਼ਰਾਈਨ ਬੋਰਡ ਅਤੇ ਪ੍ਰਸ਼ਾਸਨ ਨੇ ਇਸ ਸਾਲ ਸ਼ਰਧਾਲੂਆਂ ਲਈ ਸਹੂਲਤਾਂ ਵਿੱਚ ਸੁਧਾਰ ਕੀਤਾ ਹੈ। ਸਿਨਹਾ ਨੇ ਕਿਹਾ ਕਿ ਜੰਮੂ ਕਸ਼ਮੀਰ ਪੁਲਸ, ਫੌਜ, ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀਆਰਏਪੀਐੱਫ) ਅਤੇ ਹੋਰ ਕੇਂਦਰੀ ਅਰਧ ਸੈਨਿਕ ਬਲਾਂ (ਸੀਏਪੀਐੱਫ) ਨੇ ਫੂਲਪਰੂਫ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਵੀ ਕੁਝ ਸੋਚਣ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਬਾਬਾ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।

ਉਪ ਰਾਜਪਾਲ ਨੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਕਿਹਾ ਕਿ ਹਰ ਹਰ ਮਹਾਦੇਵ! ਮੈਂ ਬਾਬਾ ਬਰਫਾਨੀ ਨੂੰ ਮੱਥਾ ਟੇਕਿਆ ਅਤੇ ਪਵਿੱਤਰ ਗੁਫਾ ‘ਤੇ ‘ਪ੍ਰਥਮ ਪੂਜਾ’ ਕੀਤੀ, ਜਿਸ ਨਾਲ ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਰਸਮੀ ਤੌਰ ‘ਤੇ ਸ਼ੁਰੂ ਹੋਈ। ਬਾਬਾ ਅਮਰਨਾਥ ਜੀ ਆਪਣੇ ਬ੍ਰਹਮ ਆਸ਼ੀਰਵਾਦ ਸਾਡੇ ਸਾਰਿਆਂ ‘ਤੇ ਬਣਾਈ ਰੱਖਣ।

ਸਿਨਹਾ ਨੇ ਯਾਤਰਾ ਦੇ ਬਾਲਟਾਲ ਰੂਟ ‘ਤੇ ਯਾਤਰਾ ਕਾਰਜਾਂ ਦਾ ਨਿਰੀਖਣ ਕੀਤਾ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਨਹਾ ਨੇ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਵਿਖੇ ਸਥਿਤ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਆਫ਼ਤ ਪ੍ਰਬੰਧਨ ਅਤੇ ਯਾਤਰੀ ਨਿਵਾਸ ਕੰਪਲੈਕਸ ਵਿੱਚ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸਿਨਹਾ ਨੇ ਅਧਿਕਾਰੀਆਂ ਨੂੰ 38 ਦਿਨਾਂ ਦੀ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਸਹੂਲਤਾਂ ਵਧਾਉਣ ਲਈ ਵਿਕਸਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਅਮਰਨਾਥ ਯਾਤਰਾ 3 ਜੁਲਾਈ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਦੋ ਸਥਾਨਾਂ ਬਾਲਟਾਲ ਅਤੇ ਪਹਿਲਗਾਮ ਤੋਂ ਸ਼ੁਰੂ ਹੋਵੇਗੀ।