ਨਿਊਜ਼ ਪੰਜਾਬ
18 ਫ਼ਰਵਰੀ 2026
ਭਾਰਤੀ ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਕੇਂਦਰ ਵੱਲੋਂ 18 ਫਰਵਰੀ ਨੂੰ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਅਨੁਸਾਰ ਕੁਝ ਥਾਵਾਂ ’ਤੇ ਗਰਜ-ਤੂਫ਼ਾਨ, ਬਿਜਲੀ ਡਿੱਗਣ ਅਤੇ ਗੜੇ ਪੈਣ ਦੀ ਸੰਭਾਵਨਾ ਵੀ ਹੈ। ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਅਲੱਗ-ਥਲੱਗ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ।
ਚੰਡੀਗੜ੍ਹ ਵਿੱਚ ਵੀ ਅੰਸ਼ਕ ਬੱਦਲਵਾਈ ਦੇ ਨਾਲ ਸੈਕਟਰ 48 ਵਿੱਚ ਬੂੰਦਾਬਾਂਦੀ ਦਰਜ ਕੀਤੀ ਗਈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ। ਇਸ ਸਮੇਂ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.2 ਡਿਗਰੀ ਸੈਲਸੀਅਸ ਵੱਧ ਦਰਜ ਹੋਇਆ ਹੈ ਅਤੇ ਮਾਨਸਾ ਵਿੱਚ 29.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਵੱਧ ਸਕਦਾ ਹੈ, ਜਦਕਿ ਇਸ ਤੋਂ ਬਾਅਦ ਫਿਰ 2 ਤੋਂ 3 ਡਿਗਰੀ ਘਟਣ ਦੀ ਸੰਭਾਵਨਾ ਹੈ। 19 ਤੋਂ 23 ਫਰਵਰੀ ਤੱਕ ਮੌਸਮ ਦੇ ਸਾਫ਼ ਰਹਿਣ ਦੀ ਉਮੀਦ ਜਤਾਈ ਗਈ ਹੈ।
