ਨਿਊਜ਼ ਪੰਜਾਬ
13 ਫ਼ਰਵਰੀ 2026
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜ਼ੁਰਗਾਂ ਦੀ ਸਿਹਤ ਅਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਵੱਡੇ ਪੱਧਰ ‘ਤੇ ਸਿਹਤ ਕੈਂਪ ਲਗਾਏ ਜਾ ਰਹੇ ਹਨ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ Dr. Baljit Kaur ਨੇ ਦੱਸਿਆ ਕਿ ਸਰਕਾਰ ਜ਼ਮੀਨੀ ਪੱਧਰ ‘ਤੇ ਬਜ਼ੁਰਗਾਂ ਦੀ ਭਲਾਈ ਲਈ ਢੰਗਸਾਰ ਕਦਮ ਚੁੱਕ ਰਹੀ ਹੈ।
ਹਜ਼ਾਰਾਂ ਬਜ਼ੁਰਗਾਂ ਨੂੰ ਮਿਲਿਆ ਸਿਹਤ ਲਾਭ
ਹੁਣ ਤੱਕ ਕਰੀਬ 9,000 ਸੀਨੀਅਰ ਨਾਗਰਿਕ ਇਸ ਮੁਹਿੰਮ ਹੇਠ ਰਜਿਸਟਰ ਹੋ ਚੁੱਕੇ ਹਨ। ਵਿਸ਼ੇਸ਼ ਕੈਂਪਾਂ ਦੌਰਾਨ:
ਅੱਖਾਂ ਦੀ ਜਾਂਚ: 2,607 ਬਜ਼ੁਰਗ ਲਾਭਪਾਤਰੀ
ਆਮ ਸਿਹਤ ਜਾਂਚ: 2,268 ਨਾਗਰਿਕਾਂ ਦਾ ਚੈਕਅੱਪ
ਹੱਡੀਆਂ ਦਾ ਇਲਾਜ (Orthopedic): 1,241 ਲਾਭਪਾਤਰੀ
ਯੋਗਾ ਸੈਸ਼ਨ: 631 ਬਜ਼ੁਰਗਾਂ ਨੇ ਹਿੱਸਾ ਲਿਆ
ਆਯੁਰਵੈਦਿਕ ਸੇਵਾਵਾਂ: 791 ਲਾਭਪਾਤਰੀ
ਹੋਮਿਓਪੈਥਿਕ ਸਹੂਲਤਾਂ: 551 ਬਜ਼ੁਰਗਾਂ ਨੇ ਲਾਭ ਲਿਆ
ਸਹਾਇਕ ਉਪਕਰਣ ਅਤੇ ਪੈਨਸ਼ਨ ਸਹੂਲਤ
ਏ.ਐਲ.ਆਈ.ਐਮ.ਸੀ.ਓ. ਸਕੀਮ ਤਹਿਤ 89 ਬਜ਼ੁਰਗਾਂ ਨੂੰ ਵ੍ਹੀਲਚੇਅਰ, ਐਨਕਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ 233 ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਫਾਰਮ ਭਰੇ ਗਏ ਅਤੇ 306 ਲੋਕਾਂ ਨੂੰ ਮੌਕੇ ‘ਤੇ ਹੀ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ।
7.86 ਕਰੋੜ ਦਾ ਵਿਸ਼ੇਸ਼ ਬਜਟ
ਮੁਹਿੰਮ ਲਈ 7.86 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੈਂਪ ਲਗ ਚੁੱਕੇ ਹਨ। ਫਰਵਰੀ ਮਹੀਨੇ ਦੌਰਾਨ ਜਲੰਧਰ, ਕਪੂਰਥਲਾ, ਸੰਗਰੂਰ ਅਤੇ ਤਰਨਤਾਰਨ ਵਿੱਚ ਵੀ ਪੜਾਅਵਾਰ ਢੰਗ ਨਾਲ ਕੈਂਪ ਲਗਾਏ ਜਾਣਗੇ।
ਪਰਿਵਾਰਾਂ ਨੂੰ ਅਪੀਲ
ਡਾ. ਬਲਜੀਤ ਕੌਰ ਨੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੇ ਬਜ਼ੁਰਗਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਲੈ ਕੇ ਆਉਣ, ਤਾਂ ਜੋ ਉਹ ਸਰਕਾਰੀ ਸਹੂਲਤਾਂ ਅਤੇ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸੀਨੀਅਰ ਨਾਗਰਿਕ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਦੇਣ ਲਈ ਵਚਨਬੱਧ ਹੈ।
