ਤਰਨ ਤਾਰਨ ਦੇ ਲਾਅ ਕਾਲਜ ਵਿੱਚ ਦਹਿਸ਼ਤ: ਵਿਦਿਆਰਥੀ ਨੇ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕਤਲ ਕੀਤਾ, ਫਿਰ ਕੀਤੀ ਖ਼ੁਦਕੁਸ਼ੀ

ਨਿਊਜ਼ ਪੰਜਾਬ

9 ਫ਼ਰਵਰੀ 2026

ਤਰਨ ਤਾਰਨ ਦੇ ਪਿੰਡ ਉਸਮਾ ਸਥਿਤ ਇੱਕ ਨਾਮੀ ਲਾਅ ਕਾਲਜ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਕਾਲਜ ਕੈਂਪਸ ਦੇ ਅੰਦਰ ਹੀ ਇੱਕ ਵਿਦਿਆਰਥੀ ਨੇ ਇੱਕ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਨੌਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਸੰਦੀਪ ਕੌਰ (20) ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ, ਜਦਕਿ ਨੌਜਵਾਨ ਦੀ ਪਛਾਣ ਪ੍ਰਿੰਸਰਾਜ ਸਿੰਘ ਵਾਸੀ ਮੱਲੀਆਂ ਵਜੋਂ ਦੱਸੀ ਜਾ ਰਹੀ ਹੈ। ਗੋਲੀਆਂ ਦੀ ਆਵਾਜ਼ ਨਾਲ ਕਾਲਜ ਵਿੱਚ ਹੜਕੰਪ ਮਚ ਗਿਆ ਅਤੇ ਵਿਦਿਆਰਥੀਆਂ ਤੇ ਸਟਾਫ਼ ਵਿੱਚ ਭਗਦੜ ਪੈ ਗਈ।

ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚੇ, ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਮੌਕੇ ਤੋਂ ਹਥਿਆਰ ਅਤੇ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਗਏ ਹਨ, ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਪੂਰੇ ਕਾਲਜ ਕੈਂਪਸ ਨੂੰ ਸੀਲ ਕਰ ਦਿੱਤਾ ਗਿਆ ਹੈ।