ਨਿਊਜ਼ ਪੰਜਾਬ
31 ਜਨਵਰੀ 2026
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 1 ਫਰਵਰੀ ਨੂੰ ਡੇਰਾ ਸੱਚਖੰਡ ਬੱਲਾਂ ਦੌਰੇ ਤੋਂ ਪਹਿਲਾਂ ਜਲੰਧਰ ਵਿੱਚ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਸ਼ਨੀਵਾਰ ਨੂੰ ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੈਂਬਰਿਜ ਸਕੂਲ ਸਮੇਤ ਪ੍ਰਭਾਵਿਤ ਸਕੂਲਾਂ ਦੀ ਜਾਂਚ ਕੀਤੀ। ਹਾਲਾਂਕਿ ਪੁਲਿਸ ਵੱਲੋਂ ਧਮਕੀ ਦੀ ਪੁਸ਼ਟੀ ਨਹੀਂ ਕੀਤੀ ਗਈ, ਪਰ ਸਕੂਲਾਂ ਦੇ ਅੰਦਰ ਪੁਲਿਸ ਦੀ ਮੌਜੂਦਗੀ ਨਜ਼ਰ ਆਈ। ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕਾਰਨ ਸਕੂਲਾਂ ਵਿੱਚ ਪਹਿਲਾਂ ਹੀ ਛੁੱਟੀ ਹੋਣ ਨਾਲ ਕੋਈ ਅਣਚਾਹੀ ਘਟਨਾ ਨਹੀਂ ਵਾਪਰੀ।
ਧਮਕੀ ਭਰੀ ਈਮੇਲ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਡੇਰਾ ਸੱਚਖੰਡ ਬੱਲਾਂ ਜਾਂ ਸੰਤ ਨਿਰੰਜਣ ਦਾਸ ਜੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਸਿਰਫ਼ ਮੋਦੀ ਨਾਲ ਹੈ। ਇਹ ਨਿੱਝਰ ਦਾ ਬਦਲਾ ਹੈ, ਜਿਸ ਨੂੰ ਕੈਨੇਡਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਮੇਲ ਨੂੰ ‘ਬਿੱਲੀ ਹਾਲ’ ਦੇ ਨਾਂ ਨਾਲ ਭੇਜਿਆ ਗਿਆ। ਅੰਦਰ ਲਿਖਿਆ ਸੀ ਅੱਜ 3-4 ਸਕੂਲਾਂ ਵਿਚ ਬੰਬ ਧਮਾਕਾ ਹੋਵੇਗਾ
ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਜਲੰਧਰ ਭਾਜਪਾ ਕੋਰ ਕਮੇਟੀ ਨੇ ਇੱਕ ਮੀਟਿੰਗ ਕੀਤੀ। ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ 1 ਫਰਵਰੀ ਨੂੰ ਆਦਮਪੁਰ ਹਵਾਈ ਅੱਡੇ ‘ਤੇ ਪਹੁੰਚਣਗੇ। ਉੱਥੋਂ ਉਹ ਡੇਰਾ ਬੱਲਾ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਭਾਜਪਾ ਵਰਕਰਾਂ ਨੂੰ ਜੋਸ਼ ਦੇਵੇਗੀ।
