ਅੰਮ੍ਰਿਤਪਾਲ ਮਹਿਰੋਂ ਦੀ ਅਚਾਨਕ ਵਿਗੜੀ ਤਬੀਅਤ, ਸਖ਼ਤ ਸੁਰੱਖਿਆ ਹੇਠ ਬਠਿੰਡਾ ਸਰਕਾਰੀ ਹਸਪਤਾਲ ਪਹੁੰਚਾਇਆ

ਨਿਊਜ਼ ਪੰਜਾਬ

19 ਅਗਸਤ,2026

ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕਮਲ ਕੌਰ ਭਾਬੀ ਕਤਲ ਕੇਸ ਦੇ ਮੁਲਜ਼ਮ ਅਤੇ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਮਹਿਰੋਂ ਦੀ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਪੁਲਿਸ ਉਸ ਨੂੰ ਸਖ਼ਤ ਸੁਰੱਖਿਆ ਹੇਠ ਬਠਿੰਡਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੀ। ਜਾਣਕਾਰੀ ਮੁਤਾਬਕ ਉਸ ਦੇ ਵਕੀਲ ਵੱਲੋਂ ਇਲਾਜ ਸਬੰਧੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਕੋਰਟ ਦੇ ਹੁਕਮਾਂ ਤਹਿਤ ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ।

ਵਕੀਲ ਮੁਤਾਬਕ ਮਹਿਰੋਂ ਦੀਆਂ ਦੋਵਾਂ ਕਿਡਨੀਆਂ ਵਿੱਚ ਪੱਥਰੀ ਹੈ ਅਤੇ ਇਸ ਕਾਰਨ ਉਸ ਨੂੰ ਇਲਾਜ ਦੀ ਲੋੜ ਹੈ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਗਈ ਅਤੇ ਅਲਟਰਾ ਸਾਊਂਡ ਵੀ ਕੀਤਾ ਗਿਆ। ਹੁਣ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਫੈਸਲਾ ਕੀਤਾ ਜਾਵੇਗਾ ਕਿ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਨਾ ਹੈ ਜਾਂ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰਨਾ ਹੈ। ਫਿਲਹਾਲ ਡਾਕਟਰ ਉਸ ਦੀ ਸਿਹਤ ’ਤੇ ਨਜ਼ਰ ਰੱਖ ਰਹੇ ਹਨ।