ਨਿਊਜ਼ ਪੰਜਾਬ
11 ਜਨਵਰੀ 2026
ਕੋਟਕਪੁਰੇ ਦੇ ਨਾਮਵਰ ਸੰਘਾ ਪਰਿਵਾਰ ਲਈ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਮਹਿੰਦਰ ਸਿੰਘ ਦੇ ਇਕਲੌਤੇ ਨੌਜਵਾਨ ਪੁੱਤਰ ਗੁਰਜੰਟ ਸਿੰਘ (32) ਦੀ ਆਸਟ੍ਰੇਲੀਆ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਕਰੀਬ ਪੰਜ ਸਾਲ ਪਹਿਲਾਂ ਰੋਜ਼ਗਾਰ ਦੀ ਖਾਤਰ ਵਿਦੇਸ਼ ਗਿਆ ਸੀ ਅਤੇ ਬੀਤੇ ਦਿਨੀ ਸਿਡਨੀ ਤੋਂ ਬ੍ਰਿਸਬੇਨ ਵੱਲ ਜਾ ਰਿਹਾ ਸੀ ਕਿ ਰਾਤ ਕਰੀਬ 12 ਵਜੇ ਰਸਤੇ ਵਿੱਚ ਟਰਾਲਾ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੌਰਾਨ ਟਰਾਲਾ ਅੱਗ ਦੀ ਲਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸੜ ਗਿਆ। ਗੁਰਜੰਟ ਸਿੰਘ ਆਪਣੀਆਂ ਭੈਣਾਂ ਕੋਲ ਰਹਿੰਦਾ ਸੀ ਅਤੇ ਜਲਦ ਹੀ ਉਸਨੂੰ ਪੀ.ਆਰ. ਮਿਲਣ ਵਾਲੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਆਪਣੀਆਂ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਸਨ, ਪਰ ਇਸ ਅਚਾਨਕ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਦਿੱਤਾ।
