ਸਤਲੁਜ ਬੰਨ੍ਹ ਦੀ ਮਜ਼ਬੂਤੀ ਤੇ ਡਰੇਨਾਂ ਦੀ ਸਫ਼ਾਈ ਲਈ 2 ਕਰੋੜ ਜਾਰੀ-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ
ਬਲਾਚੌਰ ’ਚ ਰੈਲ ਮਾਜਰਾ ਤੇ ਖੋਜਾ ਬੇਟ, ਨਵਾਂਸ਼ਹਿਰ ’ਚ ਤਾਜੋਵਾਲ ਤੇ ਡਰੇਨਾਂ ਦੇ ਕੰਮ ਹੋਣਗੇ
ਡੀ ਸੀ ਵੱਲੋਂ ਡਰੇਨੇਜ ਅਧਿਕਾਰੀਆਂ ਨੂੰ ਰਹਿ ਗਏ ਜ਼ਰੂਰੀ ਕੰਮਾਂ ਦੇ ਤਖ਼ਮੀਨੇ ਬਣਾ ਕੇ ਭੇਜਣ ਦੀ ਹਦਾਇਤ
ਨਿਊਜ਼ ਪੰਜਾਬ
ਨਵਾਂਸ਼ਹਿਰ, 7 ਜੂਨ- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਕੋਵਿਡ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਦੇ ਨਾਲ-ਨਾਲ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਡਰੇਨੇਜ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਜਾਰੀ 2 ਕਰੋੜ ਰੁਪਏ ਦੇ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਅਤੇ ਸੁਰੱਖਿਆ ਫੰਡਾਂ ਨਾਲ ਹੋਣ ਵਾਲੇ ਕੰਮਾਂ ’ਚ ਲੇਬਰ ਦੇ ਮੂੰਹ ਢਕਣ, ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਅਤੇ ਇੱਕ-ਦੂਸਰੇ ਦੀ ਛੋਹ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਜਾਂ ਹੋਰ ਢੰਗਾਂ ਨਾਲ ਸਾਫ਼ ਰੱਖਣਾ ਵੀ ਯਕੀਨੀ ਬਣਾਉਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਹੋਣ ਵਾਲੇ ਸਾਰੇ ਵਿਕਾਸ ਕਾਰਜਾਂ ’ਚ ਮਿਸ਼ਨ ਫ਼ਤਿਹ ਤਹਿਤ ਕੋਵਿਡ ਤੋਂ ਬਚਾਅ ਲਈ ਲਾਗੂ ਹਦਾਇਤਾਂ ਨੂੰ ਹਰ ਹਾਲ ’ਚ ਅਮਲ ’ਚ ਲਿਆਂਦਾ ਜਾਵੇ। ਇਸ ਮੌਕੇ ਉਨ੍ਹਾਂ ਨੇ ਨਵਾਂਸ਼ਹਿਰ ਅਤੇ ਬਲਾਚੌਰ ਨਾਲ ਸਬੰਧਤ ਡਰੇਨੇਜ ਮਹਿਕਮੇ ਦੇ ਅਧਿਕਾਰੀਆਂ ਨੂੰ ਰਹਿ ਗਏ ਜ਼ਰੂਰੀ ਕੰਮਾਂ ਦੇ ਤਖ਼ਮੀਨੇ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਸਰਕਾਰ ਪਾਸੋਂ ਹੋਰ ਫੰਡਾਂ ਦੀ ਮੰਗ ਰੱਖੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾਂਸ਼ਹਿਰ ਡਰੇਨੇਜ ਸਬ ਡਵੀਜ਼ਨ ’ਚ ਇੱਕ ਕਰੋੜ ਦੇ ਇਨ੍ਹਾਂ ਕੰਮਾਂ ’ਚੋਂ ਤਾਜੋਵਾਲ ਵਿਖੇ 62 ਲੱਖ ਦੇ ਕਾਰਜ ਜਦਕਿ ਰਾਹੋਂ ਕ੍ਰੀਕ (ਖੋਜੇ ਨੇੜੇ) ਦੇ ਤਿੰਨ ਲੱਖ ਦੇ ਕੰਮ ਸ਼ੁਰੂ ਕਰਨ ਤੋਂ ਇਲਾਵਾ ਲੰਗੜੋਆ, ਬੜਵਾ, ਸਿੰਬਲੀ, ਰਾਹੋਂ, ਚਰਾਂਦ, ਰਾਹੋਂ-ਬਾਜ਼ੀਦਪੁਰ ਡਰੇਨਾਂ ਦੀ ਸਫ਼ਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਨਰੇਗਾ ਰਾਹੀਂ ਸੁੱਕੀਆਂ ਡਰੇਨਾਂ ਜਿਵੇਂ ਕਿ ਰਾਹੋਂ, ਚਰਾਂਦ ਦੀ ਸਫ਼ਾਈ ਤੋਂ ਇਲਾਵਾ ਰਾਹੋਂ-ਕ੍ਰੀਕ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ ਕੀਤੇ ਜਾ ਰਹੇ ਹਨ। ਮੀਟਿੰਗ ’ਚ ਸ਼ਾਮਿਲ ਐਸ ਡੀ ਓ ਕੇਹਰ ਚੰਦ ਨੇ ਦੱਸਿਆ ਕਿ ਮਹਿਕਮੇ ਵੱਲੋਂ ਨਵਾਂਸ਼ਹਿਰ ਸਬ ਡਵੀਜ਼ਨ ’ਚ ਹੁਸੈਨਪੁਰ ਨੇੜੇ ਪੱਥਰ ਦੀ ਤਜ਼ਵੀਜ਼ ਤੋਂ ਇਲਾਵਾ ਮਿਰਜਾਪੁਰ, ਬੁਰਜ ਟਹਿਲ ਦਾਸ/ਪੰਦਰਾਵਲ ਤੇ ਝੁੰਗੀਆਂ ਦੇ ਕੁੱਝ ਹੋਰ ਕੰਮਾਂ ਦੀਆਂ ਤਜ਼ਵੀਜ਼ਾਂ ਵੀ ਜਲਦ ਹੀ ਪੇਸ਼ ਕਰ ਦਿੱਤੀਆਂ ਜਾਣਗੀਆਂ।
ਬਲਾਚੌਰ ਡਰੇਨੇਜ ਸਬ ਡਵੀਜ਼ਨ ’ਚ ਹੋਣ ਵਾਲੇ ਕੰਮਾਂ ਬਾਰੇ ਮੀਟਿੰਗ ’ਚ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਡਰੇਨੇਜ ਹੁਸ਼ਿਆਰਪੁਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਬਲਾਚੌਰ ਸਬ ਡਵੀਜ਼ਨ ’ਚ ਰੈਲ ਮਾਜਰਾ ਤੇ ਖੋਜਾ ਬੇਟ ’ਚ ਬੰਨ੍ਹ ਦੀ ਮਜ਼ਬੂਤੀ ਤੇ ਰੱਖਿਆ ਦੇ ਇੱਕ ਕਰੋੜ ਦੇ ਕੰਮ ਆਰੰਭੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਾਰਜਕਾਰੀ ਇੰਜੀਨੀਅਰ ਨੂੰ ਪਿਛਲੀਆਂ ਬਰਸਾਤਾਂ ’ਚ ਬਲਾਚੌਰ ਇਲਾਕੇ ’ਚ ਹੜ੍ਹਾਂ ਦਾ ਕਾਰਨ ਬਣੇ ਚੋਆਂ ਦੀ ਸਫ਼ਾਈ ਆਦਿ ਲਈ ਹੁਣ ਤੋਂ ਪ੍ਰਬੰਧ ਕਰਨ ਲਈ ਆਖਿਆ ਅਤੇ ਇਸ ਸਬੰਧੀ ਜੇਕਰ ਫੰਡ ਦੀ ਲੋੜ ਹੈ ਤਾਂ ਉਸ ਬਾਰੇ ਐਸਟੀਮੇਟ (ਤਖਮੀਨਾ) ਭੇਜਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਮੌਜੂਦ ਸਬ ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਜਸਬੀਰ ਸਿੰਘ ਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ ਜਗਦੀਸ਼ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਵਿਪਿਨ ਭੰਡਾਰੀ ਨੂੰ ਇਨ੍ਹਾਂ ਸਾਰੇ ਕੰਮਾਂ ਨੂੰ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ।