ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਕੁਆਰਨਟੀਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤੀ ਕੀਤੀ ਜਾਵੇ-ਡੀ ਸੀ ਵਿਨੈ ਬਬਲਾਨੀ
ਉੱਪ ਮੰਡਲ ਮੈਜਿਸਟ੍ਰੇਟਾਂ ਨਾਲ ਮੀਟਿੰਗ ’ਚ ਕੀਤੀ ਕੋਵਿਡ ਰੋਕਥਾਮ ਪ੍ਰਬੰਧਾਂ ਦੀ ਸਮੀਖਿਆ
ਨਿਊਜ਼ ਪੰਜਾਬ
ਨਵਾਂਸ਼ਹਿਰ, 7 ਜੂਨ- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਕੁਆਰਨਟੀਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਉਪ ਮੰਡਲ ਅਫ਼ਸਰਾਂ ਨੂੰ ਸਖਤ ਕਾਰਵਾਈ ਅਮਲ ’ਚ ਲਿਆਉਣ ਲਈ ਆਖਿਆ ਹੈ।
ਤਿੰਨਾਂ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸੀ ਡੀ ਪੀ ਓਜ਼ ਨਾਲ ਜ਼ਿਲ੍ਹੇ ’ਚ ਕੋਵਿਡ ਰੋਕਥਾਮ ਪ੍ਰਬੰਧਾਂ ਦੀ ਸਮੀਖਿਆ ਲਈ ਕੀਤੀ ਵਿਸ਼ੇਸ਼ ਮੀਟਿੰਗ ’ਚ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਦੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ’ਚ ਕੋਵਿਡ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਸਖਤੀ ਨਾਲ ਲੈਣ ਲਈ ਆਖਿਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਵਿਦੇਸ਼ ਤੋਂ ਵਾਪਿਸ ਆਉਣ ਵਾਲਿਆਂ ਨੂੰ ‘ਸਟੇਟ ਕੁਆਰਨਟੀਨ ਸੈਂਟਰਾਂ’ ਕੇ ਸੀ ਨਵਾਂਸ਼ਹਿਰ ਅਤੇ ਰਿਆਤ ਕਾਲਜ ਰੈਲ ਮਾਜਰਾ ਵਿਖੇ ਰੱਖਿਆ ਜਾਣਾ ਹੈ ਜਦਕਿ ਦੂਸਰੇ ਰਾਜਾਂ ਤੋਂ ਆਉਣ ਵਾਲਿਆਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਕੁਆਰਨਟੀਨ ਕੀਤਾ ਜਾਣਾ ਹੈ।
ਉਨ੍ਹਾਂ ਨੇ ਮੀਟਿੰਗ ’ਚ ਸ਼ਾਮਿਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਅੱਜ ਕਲ੍ਹ ਝੋਨੇ ਦੀ ਬਿਜਾਈ ਦਾ ਸੀਜ਼ਨ ਹੋਣ ਕਾਰਨ ਆ ਰਹੀ ਲੇਬਰ ਦੇ ਮੱਦੇਨਜ਼ਰ ਪਿੰਡਾਂ ’ਚ ਸਥਿਤ ਆਂਗਵਾੜੀ ਕੇਂਦਰਾਂ ਦੀਆਂ ਵਰਕਰਾਂ ਨੂੰ ਸਰਗਰਮ ਕੀਤਾ ਜਾਵੇ ਅਤੇ ਜੇਕਰ ਕੋਈ ਵਿਅਕਤੀ ਕੁਆਰਨਟੀਨ ਨਿਯਮਾਂ ਨੂੰ ਭੰਗ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਲਈ ਸੀ ਡੀ ਪੀ ਓ ਨੂੰ ਲਿਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਹਰੇਕ ਕੁਆਰਨਟੀਨ ਕੀਤੇ ਗਏ ਵਿਅਕਤੀ, ਜਿਸ ਕੋਲ ਸਮਾਰਟਫ਼ੋਨ ਮੌਜੂਦ ਹੈ, ’ਤੇ ਕੋਵਾ ਐਪ ਵੀ ਡਾਊਨਲੋਡ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਉਸ ਬਾਰੇ ਸਿਹਤ ਵਿਭਾਗ ਨੂੰ ਸੂਚਨਾ ਮਿਲਦੀ ਰਹੇ। ਉਨ੍ਹਾਂ ਦੱਸਿਆ ਕਿ ਕੋਵਾ ਐਪ ਰਾਹੀਂ ਜੇਕਰ ਕਿਸੇ ਦੇ ਕੁਆਰਨਟੀਨ ਤੋਂ ਬਾਹਰ ਆਉਣ ਬਾਰੇ ਸੂਚਨਾ ਆਵੇਗੀ ਤਾਂ ਸਿਹਤ ਵਿਭਾਗ ਤੁਰੰਤ ਸਿੱਧੇ ਤੌਰ ’ਤੇ ਕਾਰਵਾਈ ਅਮਲ ’ਚ ਲਿਆਵੇਗਾ।
ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਪਿੰਡਾਂ ਦੇ ਸਰਪੰਚਾਂ ਰਾਹੀਂ ਇਕਾਂਤਵਾਸ ਨੇਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਕਿਹਾ ਅਤੇ ਜ਼ਿਲ੍ਹੇ ’ਚ ਹੁਣ ਪਾਜ਼ਿਟਿਵ ਆ ਰਹੇ ਸਾਰੇ ਕੇਸਾਂ ਦਾ ਸਬੰਧ ਵਿਦੇਸ਼ ਤੋਂ ਪਰਤਣ ਵਾਲੇ ਜਾਂ ਦੂਸਰੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਨਾਲ ਹੀ ਹੋਣ ਕਾਰਨ, ਪਿੰਡ ’ਚ ਬਾਹਰੋਂ ਆਉਂਦੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਪੰਚ, ਪੰਚਾਇਤਾਂ ਅਤੇ ਨੰਬਰਦਾਰ ਆਪੋ-ਆਪਣੀ ਜ਼ਿੰਮੇਂਵਾਰੀ ਨੂੰ ਸੰਭਾਲ ਕੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਕੁਆਰਨਟੀਨ ਹੋਣਾ ਯਕੀਨੀ ਬਣਾ ਲੈਣ ਤਾਂ ਇਸ ਨਾਲ ਸਥਾਨਕ ਵਾਸੀ ਕੋਵਿਡ ਦੀ ਲਾਗ ਤੋਂ ਬਚੇ ਰਹਿਣਗੇ।
ਮੀਟਿੰਗ ’ਚ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਬੰਗਾ ਦੀਪਜੋਤ ਕੌਰ, ਡੀ ਪੀ ਓ ਗੁਰਚਰਨ ਸਿੰਘ, ਸੀ ਡੀ ਪੀ ਓ ਪੂਰਨ ਪੰਕਜ ਸ਼ਰਮਾ ਅਤੇ ਜਸਵਿੰਦਰ ਕੌਰ ਮੌਜੂਦ ਸਨ।