ਮੇਰੀ ਮਾਂ ਤਾਂ ਰੱਬ ਦੀ ਕਵਿਤਾ : ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਨਮਨ ਹੈ ਮੇਰੀ ਮਾਂ ਵਰਗੀਆਂ ਧਰਤੀ ਦੀਆਂ ਕੁੱਲ ਮਾਵਾਂ ਨੂੰ  

ਪ੍ਰੋ. ਗੁਰਭਜਨ ਸਿੰਘ ਗਿੱਲ

ਮੈਂ ਆਪਣੀ ਮਾਂ ਦਾ ਪੇਟ ਘਰੋੜੀ ਦਾ ਪੁੱਤਰ ਹਾਂ। ਸਭ ਤੋਂ ਵੱਡੇ ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ ਹਨ, ਕਰਨਾਲ ਰਹਿੰਦੇ। ਮੈਥੋਂ ਦੋ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋਃ ਸੁਖਵੰਤ ਸਿੰਘ ਗਿੱਲ ਹਨ। ਵੱਡਾ ਪਰਿਵਾਰ ਹੈ ਮੇਰੇ ਬਾਪੂ ਜੀ ਤੇ ਮਾਤਾ ਤੇਜ ਕੌਰ ਦਾ। ਬਾਪੂ ਜੀ 1987 ‘ਚ ਚਲੇ ਗਏ ਸਨ ਤੇ ਮਾਤਾ 13 ਅਪਰੈਲ 2007 ਵਿੱਚ।

ਮੇਰੀ ਰਚਨਾ ਵਿੱਚ ਮਾਂ ਬਹੁਤ ਕੁਝ ਕਹਿੰਦੀ ਹੈ, ਬੋਲਿਆ ਅਣਬੋਲਿਆ। ਬਾਪੂ ਜੀ ਵੀ ਕਦੇ ਕਦੇ। ਧਰਤੀ ਅੰਬਰ ਸਨ ਦੋਵੇਂ ਮੇਰੇ ਲਈ। ਸਭ ਦੇ ਮਾਪੇ ਇਹੋ ਜਹੇ ਹੀ ਹੁੰਦੇ ਹੋਣਗੇ। ਪਰ ਮੇਰੇ ਲਈ ਉਹ ਕੁਝ ਵੱਧ ਸਨ ਆਮ ਨਾਲੋਂ ,ਮੇਰੀਆਂ ਜਿਦਾਂ ਪੁਗਾਉਣ ਵਾਲੇ। ਬਹੁਤੇ ਸਿਆਣਿਆਂ ਦੀ ਭਾਸ਼ਾ ਵਿੱਚ ਵਿਗਾੜਨ ਵਾਲੇ। ਮੈਂ ਜਿੰਨਾ ਕੁ ਵਿਗੜਿਆ ਹਾਂ, ਆਪਣੇ ਮਾਪਿਆਂ ਦੇ ਲਾਡਾਂ ਦੀ ਬਦੌਲਤ ਹਾਂ।

ਬੀਬੀ ਜੀ ਨੇ ਐਸਕਾਰਟ ਹਸਪਤਾਲ ਅੰਮ੍ਰਿਤਸਰ ‘ਚ ਆਖ਼ਰੀ ਸਵਾਸ ਲਏ। ਬਟਾਲੇ ਅੰਤਿਮ ਸਮਾਧੀ। ਉਹ

ਬਾਪੂ ਜੀ ਦੀ ਗੱਲ ਅਕਸਰ ਦੁਰਹਾਉਂਦੇ, “ਤੁਹਾਡੇ ਬਾਪੂ ਨੇ ਕਿਹਾ ਸੀ, ਕਿੱਲਾ ਨਾ ਛੱਡੀਂ”। ਬਾਪੂ ਜੀ ਘਰ ਨੂੰ ਕਿਲ੍ਹਾ ਨਹੀਂ, ਕਿੱਲਾ ਆਖਦੇ ਸਨ। ਪਰ ਕਿਲ੍ਹਾ ਛੁਟ ਗਿਆ।

ਬੀਬੀ ਜੀ ਨੂੰ ਮੇਰੀ ਜੀਵਨ ਸਾਥਣ ਨਿਰਪਜੀਤ ਦੇ 8 ਨਵੰਬਰ 1993 ‘ਚ ਸਦੀਵੀ ਵਿਛੋੜੇ ਮਗਰੋਂ ਸਾਡੇ ਦਰਦ ਨਿਵਾਰਨ ਲਈ ਲੁਧਿਆਣੇ ਆਉਣਾ ਪੈ ਗਿਆ।

ਮੈਂ ਮਰਦੇ ਦਮ ਤੀਕ ਬੀਬੀ ਤੋਂ ਚਪੇੜ ਵੀ ਖਾ ਲੈਂਦਾ ਸਾਂ ਤੇ ਸਿਆਲ ਚ ਮੱਕੀ ਦੀ ਰੋਟੀ ਪਕਵਾ ਕੇ ਵੀ। ਬੀਬੀ ਮਿੱਸੀ ਰੋਟੀ ਚ ਗਰਮੀਆਂ ਦੇ ਮੌਸਮ ਚ ਚੋਂਘੇ ਕੱਢ ਕੇ ਖੁਆਉਂਦੀ ਤੇ ਕਹਿੰਦੀ, ਤੂੰ ਧੌਲੀ ਦਾੜੀ ਵਾਲਾ ਤਾਂ ਹੋ ਗਿਐ, ਪਰ ਅਜੇ ਸਿਆਣਾ ਨਹੀਂ ਹੋਇਆ। ਮਾਂ ਦੇ ਹੁੰਦਿਆਂ ਮੈਂ ਸਿਆਣਾ ਬਣ ਕੇ ਕੀ ਲੈਣਾ ਸੀ? ਸਿਆਲ ਵਿੱਚ ਅਲਸੀ ਦੀਆਂ ਪਿੰਨੀਆਂ ਬਣਾਉਂਦੇ ਤਾਂ ਸਭ ਨੂੰ ਵੰਡਦੇ। ਮੇਰੀ ਭਤੀਜੀ ਮਨਿੰਦਰ ਹੁਣ ਵੀ ਬੀਬੀ ਜੀ ਦੀਆਂ ਪਿੰਨੀਆਂ ਚੇਤੇ ਕਰਕੇ ਅੱਖਾਂ ਸਿੱਲ੍ਹੀਆਂ ਕਰ ਲੈਂਦੀ ਹੈ। ਵਿਸਾਖੀ ਤੇ ਹਰ ਸਾਲ ਕਣਕ ਦੇ ਆਟੇ ਵਿੱਚ ਮਿੱਠਾ ਤੇ ਸੌਂਫ਼ ਪਾ ਕੇ ਸਰ੍ਹੋਂ ਦੇ ਤੇਲ ਵਿੱਚ ਤਲ ਕੇ ਗੁਣੇ ਬਣਾਉਂਦੇ। ਹੁਣ ਵੀ ਮਨ ਮਹਿਕ ਜਾਂਦਾ ਹੈ ਚੇਤੇ ਕਰਕੇ।

ਆਪਣੇ ਬੀਬੀ ਜੀ ਦੇ ਜਾਣ ਮਗਰੋਂ ਮੈਂ ਇਹ ਗ਼ਜ਼ਲ ਲਿਖੀ ਸੀ

ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ।

ਪੁੱਤਰ ਧੀਆਂ ਅੰਦਰ ਉਹ ਤਾਂ, ਆਪਣਾ ਸਭ ਕੁਝ ਧਰ ਜਾਂਦੀ ਹੈ।

ਮਹਿਕ ਸਦੀਵੀ, ਮੋਹ ਦੀਆਂ ਤੰਦਾਂ, ਮਮਤਾ ਮੂਰਤ ਰੂਪ ਬਦਲਦੀ,

ਕਿੰਨੇ ਮਹਿੰਗੇ ਅਸਲ ਖ਼ਜ਼ਾਨੇ, ਦੇ ਕੇ ਝੋਲੀ ਭਰ ਜਾਂਦੀ ਹੈ।

ਸਬਰ, ਸਿਦਕ, ਸੰਤੋਖ, ਸਮਰਪਣ, ਸੇਵਾ, ਸਿਮਰਨ, ਸੁਰਤੀ ਸੁੱਚੀ,

ਸਬਕ ਸਦੀਵੀ ਹੋਰ ਬੜਾ ਕੁਝ, ਆਪ ਹਵਾਲੇ ਕਰ ਜਾਂਦੀ ਹੈ।

ਘਰ ਦੀ ਥੁੜ ਨੂੰ ਕੱਜਦੀ ਕੱਜਦੀ, ਆਪ ਟਾਕੀਆਂ ਲਾਉਂਦੀ ਰਹਿੰਦੀ,

ਰਿਸ਼ਤੇ ਨਾਤੇ ਜੋੜ ਜੋੜ ਕੇ, ਨੀਂਹ ਨੂੰ ਪੱਕਿਆਂ ਕਰ ਜਾਂਦੀ ਹੈ।

ਮਿੱਟੀ ਦੇ ਸੰਗ ਮਿੱਟੀ ਹੋ ਕੇ, ਮਿੱਟੀ ‘ਚੋਂ ਆਕਾਰ ਸਿਰਜਦੀ,

ਟੁੱਟ ਜਾਵੇ ਨਾ ਖੇਡ ਖਿਡਾਉਣਾ, ਸੋਚ ਸੋਚ ਮਾਂ ਡਰ ਜਾਂਦੀ ਹੈ।

ਧਰਤੀ ਮਾਂ ਤੇ ਅੰਬਰ ਬਾਬਲ, ਰੂਹ ਦਾ ਸੂਰਜ ਕੌਣੀ ਟਿੱਕਾ,

ਲੈ ਕੇ ਸੂਹੀ ਸਿਰ ਫੁਲਕਾਰੀ, ਚੰਨ ਨੂੰ ਚਾਨਣੀ ਵਰ ਜਾਂਦੀ ਹੈ।

ਧਰਤੀ ਮਾਂ ਦੀ ਧੀ ਸੁਚਿਆਰੀ, ਮੇਰੀ ਮਾਂ ਦੇ ਵਰਗੀ ਹਰ ਮਾਂ,

ਬਿਨ ਕੋਸ਼ਿਸ਼ ਤੋਂ ਮਾਂ ਬੋਲੀ ਦਾ ਸ਼ਬਦ-ਭੰਡਾਰਾ ਭਰ ਜਾਂਦੀ ਹੈ।

◾️

ਮੇਰੀ ਸੱਜਰੀ ਕਿਤਾਬ ਚਰਖ਼ੜੀ ਵਿੱਚ ਮਾਂ ਬਾਰੇ ਸੱਤ ਕਵਿਤਾਵਾਂ ਹਨ, ਇੱਕ ਉਹਦੀ ਸਹੇਲੀ ਨੰਦੋ ਬਾਜ਼ੀਗਰਨੀ ਬਾਰੇ, ਜੋ ਸਾਡੇ ਘਰ ਚਰਮਖਾਂ ਤੇ ਸੂਈਆਂ ਕੰਧੂਈਆਂ ਵੇਚਣ ਆਉਂਦੀ ਤੇ ਸਾਰੇ ਇਲਾਕੇ ਦੀ ਖ਼ਬਰ ਦੇ ਜਾਂਦੀ। ਤਵੇ ਤੋਂ ਲਹਿੰਦੀ ਸੱਜਰੀ ਗਰਮ ਰੋਟੀ ਕਦੇ ਨਾ ਖਾਂਦੀ ਤੇ ਆਖਦੀ, ਭੈਣ ਤੇਜ਼ ਕੌਰੇ, ਰਾਤ ਦੀ ਬਚੀ ਕੋਈ ਖੰਨੀ ਪਈ ਆ ਤਾਂ ਲੱਸੀ ਨਾਲ ਦੇ ਦੇ। ਸੱਜਰੀ ਖਾ ਕੇ ਮੈਂ ਆਪਣੀ ਆਦਤ ਨਹੀਂ ਵਿਗਾੜਨੀ। ਨੰਦੋ ਦੇ ਇਹ ਬੋਲ ਸੁਣ ਕੇ ਮੇਰੀ ਮਾਂ ਚੁੰਨੀ ਨਾਲ ਅੱਖਾਂ ਪੂੰਝਣ ਲੱਗ ਜਾਂਦੀ। ਸੰਵੇਦਨਾ ਦਾ ਸਰੋਵਰ ਸੀ ਮੇਰੀ ਮਾਂ।

ਮਾਂ ਬਾਰੇ ਉਨ੍ਹਾਂ ਵਿੱਚੋਂ ਇਹ ਕਵਿਤਾ ਤੁਸੀਂ ਵੀ ਪੜ੍ਹੋ ਤੇ ਜਾਣੋ ਕਿ ਮੇਰੀ ਮਾਂ ਕਿਹੋ ਜਹੀ ਸੀ। ਮੈਨੂੰ ਪਤੈ, ਇਸ ਵਿੱਚੋਂ ਤੁਹਾਨੂੰ ਵੀ ਆਪਣੀ ਮਾਂ ਦੇ ਨਕਸ਼ ਲਾਜ਼ਮੀ ਲੱਭਣਗੇ।

ਨਮਨ ਹੈ ਮੇਰੀ ਮਾਂ ਵਰਗੀਆਂ ਧਰਤੀ ਦੀਆਂ ਕੁੱਲ ਮਾਵਾਂ ਨੂੰ।

ਡੈਲਸ (ਅਮਰੀਕਾ)ਵੱਸਦੀ ਕਵਿੱਤਰੀ ਜਸਬੀਰ ਨੇ ਇਸ ਕਵਿਤਾ ਨੂੰ ਪੜ੍ਹ ਕੇ ਬਹੁਤ ਸ਼ਾਬਾਸ਼ ਦਿੱਤੀ ਤਾਂ ਦਿਲ ਕੀਤਾ ਕਿ ਤੁਹਾਡੇ ਨਾਲ ਫਿਰ ਸਾਂਝੀ ਕਰਾਂ।

 

ਮੇਰੀ ਮਾਂ ਤਾਂ ਰੱਬ ਦੀ ਕਵਿਤਾ ——-

* ਮੇਰੀ ਮਾਂ ਤਾਂ ਰੱਬ ਦੀ ਕਵਿਤਾ,

ਸਤਰ ਸਤਰ ਸਰਸਬਜ਼ ਬਗ਼ੀਚਾ ।

ਨੂਰੀ ਚਸ਼ਮਾ ਮੋਹ ਮਮਤਾ ਦਾ ।

ਬਾਜ਼ -ਨਜ਼ਰ ਸੂਰਜ ਤੋਂ ਅੱਗੇ ।

ਮੇਰੇ ਦਿਲ ਦੀ ਧੜਕਣ ਵਿੱਚੋਂ,

ਮੇਰੇ ਹੌਕੇ ਪੁਣ ਲੈਂਦੀ ਹੈ ।

ਮੱਥੇ ਅੰਦਰ ਖੁਭ ਗਏ ਕੰਡੇ,

ਬਿਨ ਦੱਸਿਆ ਹੀ ਚੁਣ ਲੈਂਦੀ ਹੈ ।

* ਮਾਂ ਦੇ ਪਿਆਰ-ਤਰੌਂਕੇ ਸਦਕਾ

ਹਰ ਪਰਬਤ ਤੇ ਚੜ੍ਹ ਲੈਂਦਾ ਹਾਂ ।

ਸੂਰਜ ਤੀਕ ਪਹੁੰਚਦੀ ਪੌੜੀ,

ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ ।

ਵਕਤ-ਦੀਵਾਰ ਤੇ ਜੋ ਵੀ ਲਿਖਦੈ,

ਅੱਖਰ ਅੱਖਰ ਪੜ੍ਹ ਲੈਂਦਾ ਹਾਂ ।

ਹਿੱਕੜੀ ਅੰਦਰ ਜੜ ਲੈਂਦਾ ਹਾਂ ।

* ਮੇਰੀ ਮਾਂ ਦੇ ਨੈਣਾਂ ਵਿਚ ਸੀ

ਅਜਬ ਕੈਮਰਾ ।

ਆਰ ਪਾਰ ਦੀ ਜਾਨਣਹਾਰਾ ।

ਘਰ ਵੜਦੇ ਹੀ ਬੁੱਝ ਲੈਂਦੀ ਸੀ,

ਅੱਜ ਤੇਰਾ ਮਨ ਠੀਕ ਨਹੀਂ ਲੱਗਦਾ ।

* ਬੁਝਿਐ ਬੁਝਿਐਂ ਕੀ ਹੋਇਆ ਹੈ?

ਲੜ ਕੇ ਆਇਐਂ,

ਜਾਂ ਫਿਰ ਤੈਨੂੰ ਕਿਸੇ ਝਿੜਕਿਆ?

ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ ।

ਕਿਹੜਾ ਮੇਰੇ ਲਾਲ ਬਰਾਬਰ ।

ਇਹ ਹੀ ਭਰਮ ਅਜੇ ਤੱਕ ਜੀਂਦਾ ।

ਨਾਲ ਬਰਾਬਰ ਤੁਰਦਾ ਮੇਰੇ ।

ਮੇਰੀ ਪਿੱਠ ਤੇ ਮੇਰੀ ਮਾਂ ਦਾ

ਅਜਬ ਥਾਪੜਾ ।

ਹੌਂਸਲਿਆਂ ਦੀ ਭਰੀ ਪੋਟਲੀ ।

* ਇਉਂ ਲੱਗਦਾ ਹੈ ਮੇਰੀ ਬੀਬੀ,

ਮੇਰੀ ਮਾਤਾ ਅੰਗ ਸੰਗ ਮੇਰੇ ।

ਕਿਧਰੇ ਗੀਤ ਗ਼ਜ਼ਲ ਵਿੱਚ ਢਲਦੀ ।

* ਬਣ ਜਾਂਦੀ ਹੈ ਕਵਿਤਾ ਆਪੇ ।

ਸ਼ਬਦਾਂ ਅੰਦਰ ਰਸਦੀ ਵੱਸਦੀ,

ਮੇਰੀ ਸੁਣਦੀ,

ਆਪਣੀ ਦੱਸਦੀ ।

ਜੀਆਂ ਦੀ ਸੁਖਸਾਂਦ ਜਾਣਦੀ ।

* ਧਰਤੀ ਜਿੱਡੇ ਦਰਦ-ਹਾਣ ਦੀ ।

ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ,

ਮੇਰੇ ਸਿਰ ਤੇ ਹੱਥ ਰੱਖਦੀ

ਤੇ ਛਤਰ ਤਾਣਦੀ ।

* ਮੱਥਾ ਚੁੰਮਦੀ, ਲਾਡ ਲਡਾਉਂਦੀ ।

ਖ਼ੁਦ ਨਾ ਹੁਣ ਸੁਪਨੇ ਵਿਚ ਆਉਂਦੀ ।

ਹਰ ਸਾਹ ਹਰ ਪਲ ਨਾਲ ਤੁਰਦਿਆਂ,

ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ ।

ਕਿੱਦਾਂ ਕਿੱਥੇ ਕੀ ਕਰਨਾ ਹੈ?

ਅੱਜ ਤੀਕਰ ਸਭ ਕੁਝ ਸਮਝਾਉਂਦੀ ।

* ਬਿੜਕਾਂ ਰੱਖਦੀ, ਕਿੱਥੋਂ ਆਇਆਂ,

ਕਿੱਥੇ ਚੱਲਿਆ, ਦੱਸ ਵੇ ਬੱਲਿਆ?

ਬਹੁਤ ਵਾਰ ਮੈਂ ਤੱਕਿਆ ਅੱਖੀਂ,

ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ ।

ਰੂਪ -ਅਨੂਪ ਸਰੂਪ ਵਿਹੂਣੀ,

ਕਾਲ-ਮੁਕਤ ਹਸਤੀ ਦੇ ਵਾਂਗੂੰ,

ਗੁਰਘਰ, ਮਸਜਿਦ ਬਣਦੀ ਮੰਦਰ ।

* ਅੱਜ ਤਾਂ ਉਸਦੀ,

ਮਨ-ਪਰਿਕਰਮਾ ਕਰਦੇ ਕਰਦੇ,

ਰੂਹ ਵਿੱਚ ਜੀਕਣ ਚੰਬਾ ਖਿੜਿਆ ।

ਰੋਮ ਰੋਮ ਝਰਨਾਟ ਛਿੜੀ ਹੈ ।

ਤਰਬ-ਤਰੰਗਾਂ ਕਣ ਕਣ ਅੰਦਰ,

ਸੂਰਜ ਪਹਿਲਾਂ ਨਾਲੋਂ ਰੌਸ਼ਨ ।

ਪੌਣ ਵਜਦ ਵਿੱਚ ਗੀਤ ਸੁਣਾਵੇ ।

* ਜਿਉਂ ਸ਼ਬਦਾਂ ਤੋਂ ਬਿਨਾ ਬਿਨਾਂ ਹੀ,

ਮੇਰੀ ਬਹੁਤ ਮਾਸੂਮ ਪੋਤਰੀ,

ਸਰਗਮ ਜਹੀ ਅਸੀਸ ਪਿਆਰੀ,

ਤਰਜ਼ਾਂ ਘੜਦੀ, ਆਪੇ ਗਾਉਂਦੀ ।

ਖ਼ੁਦ ਨੂੰ ਆਪਣੇ ਆਪ ਸੁਣਾਉਂਦੀ।

* ਸੁਣਦੇ ਸੁਣਦੇ ਅਨਹਦ ਤੇ

ਨਿਰਸ਼ਬਦ ਗੀਤ ਨੂੰ,

ਤਨ ਮਨ ਵਿੱਚ,

ਵਿਸਮਾਦ ਭਰ ਗਿਆ ।

ਮੇਰੀ ਮਾਂ ਦੀ ਸੱਜਰੀ ਟਾਹਣੀ,

ਉਸ ਦੀ ਇਸ ਪੜਪੋਤੀ ਦਾ

ਨੂਰੀ ਝਲਕਾਰਾ,

ਮਾਰੂਥਲ ਆਬਾਦ ਕਰ ਗਿਆ।

🟧