
ਲੁਧਿਆਣਾ,27 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )- ਗੁਰਬਾਣੀ ਪ੍ਰਚਾਰ ਪਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ ਗਿਆ । ਇਸ ਮੌਕੇ ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ “ਸਿੱਖ” ਨੂੰ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਰਕੇ “ਸਿੰਘ” ਦਾ ਰੂਪ ਬਖਸ਼ਣ ਵਾਲੇ, ਸਵਾ ਲੱਖ ਦੁਸ਼ਮਣ ਨਾਲ ਇਕ ਸਿੰਘ ਨਾਲ ਲੜਨ ਦੀ ਤਾਕਤ ਬਖਸ਼ਣ ਵਾਲੇ, ਦੇਗ-ਤੇਗ ਦੇ ਧਨੀ, ਸਰਬੰਸ ਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਨਾਮ ਜੁਬਾਨ ਤੇ ਆਉਂਦਿਆਂ ਹੀ ਵੀਰ ਰਸ ਭਰਪੂਰ ਤੇਜੱਸਵੀ, ਜਾਹੋ ਜਲਾਲ ਵਾਲੀ ਸ਼ਖਸ਼ੀਅਤ ਮਨ ਮੰਦਰ ਵਿੱਚ ਝਟ ਉਘੜ ਆਉਂਦੀ ਹੈ। ਪਵਿੱਤਰ ਹਸਤਕਮਲ ਦੀ ਉਗਲ ਤੇ ਬੈਠਾ ਚਿੱਟਾ ਬਾਜ਼, ਮਸਤਕ ਤੇ ਅਣਖ, ਸਵੈਮਾਨ ਅਤੇ ਸੱਚੀ ਪਾਤਸ਼ਾਹੀ ਦ ਪ੍ਰਤੀਕ ਦਸਤਾਰ ਉਪਰ ਡਲ੍ਹਕਾਂ ਮਾਰਦੀ ਕਲਗੀ, ਮੋਢੇ ਤੇ ਤੀਰਾਂ ਦੇ ਪੱਥੇ ਦੇ ਨਾਲ ਲਟਕਦੀ ਕਮਾਨ ਅਤੇ ਹਜੂਰ ਸੱਚੇ ਪਾਤਸ਼ਾਹ ਦੇ ਦਾਮਨ ਦਾ ਖੜਾ ਨੀਲਾ ਘੋੜਾ ਮਾਨੋ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਅਜਿੱਤ “ਜੰਗੀ ਸੂਰਮਾ” ਰਣ ਤੱਤੇ ਨੂੰ ਜਾਣ ਲਈ ਤਿਆਰ-ਬਰ-ਤਿਆਰ ਖੜ੍ਹਾ ਹੈ। ਮਰਦ-ਅਗੰਮੜੇ ਦੇ ਸੰਘਰਸ਼ਮਈ ਜੀਵਨ ਚੋਂ ਕਈ ਪੱਖਾਂ ਨੂੰ ਸਾਂਝਾ ਕਰਦਿਆਂ ਮਹਾਂਪੁਰਸ਼ਾਂ ਨੇ ਫ਼ੁਰਮਾਇਆ ਕਿ ਸ਼ਕਤੀ ਦੀ ਪ੍ਰਤੀਕ ਕਿਰਪਾਨ ਨੂੰ ਖਾਲਸੇ ਦੀ ਰਹਿਤ, ‘ਪੰਜ ਕਕਾਰਾਂ’ ‘ਚ ਸ਼ਾਮਿਲ ਕਰਕੇ, ਹਰ ਅੰਮ੍ਰਿਤਧਾਰੀ ਖਾਲਸੇ ਨੂੰ ਸ਼ਸਤਰਬੱਧ ਹੋਣ ਲਈ ਆਦੇਸ਼ ਦੇਣ ਕਰਕੇ, ਬੇਸ਼ੱਕ ਸਤਿਗੁਰੂ ਜੀ ਦਾ ਸ਼ਸਤਰ ਪ੍ਰੇਮੀ ਹੋਣਾ ਇਸ ਗੱਲ ਦਾ ਲਿਖਾਇਕ ਹੈ ਵੀ ਹੈ। 42-45 ‘ਕੁ ਵਰਿਆਂ ਦੀ ਛੋਟੀ ਜਿਹੀ ਉਮਰ ‘ਚ 14 ਲੜਾਈਆਂ ਲੜਨੀਆਂ ਅਤੇ ਖਾਲਸੇ ਨੂੰ ਜੁਲਮ ਵਿਰੁੱਧ ਹਰ ਸਮੇਂ ਡਟਣ ਲਈ ਤਤਪਰ ਰਹਿਣ ਦੀ ਪ੍ਰੇਰਨਾ ਦੇਣਾ ਹੈ । ਪਰ ਸਤਿਗੁਰੂ ਜੀ ਨੇ ਸਮੁੱਚੇ ਜੀਵਨ ਨੂੰ ਪੜਚੋਲੀਏ ਤਾਂ ਹੋਰ ਵੀ ਬਹੁਤ ਸਾਰੇ ਪੱਖਾਂ ਬਾਰੇ ਜਾਣਕਾਰੀ ਮਿਲਦੀ ਹੈ। ਜਿਵੇਂ ਕਿ ਗੁਰੂ ਸਾਹਿਬ ਜੀ ਯੁੱਧ ਕਲਾ ਦੇ ਨਿਪੁੰਨ ਸੈਨਾਪਤੀ ਹੋਣ ਦੇ ਨਾਲ ਨਾਲ ਮਹਾਨ ਵਿਦਵਾਨ, ਮਹਾਂ ਕਵੀ, ਮਹਾ-ਦਾਨੀ, ਨਿਪੁੰਨ ਨੀਤੀਵਾਨ, ਮਹਾਨ ਸ਼ਸਤਰ-ਪਾਰਖੂ, ਕਲਾ-ਪ੍ਰੇਮੀ ਅਤੇ ਸੂਖਮ ਵਿਅੰਕਰ ਆਦਿ ਵਰਗੇ ਹੋਰ ਵੀ ਅਨੇਕਾਂ ਪੱਖ ਉਭਰ ਕੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਬਗੈਰ ਉਨ੍ਹਾਂ ਦਾ ਵਰਣਨ ਕਰਨਾ ਫਿੱਕਾ ਤੇ ਬੇਰਸ ਜਿਹਾ ਮਹਿਸੂਸ ਹੁੰਦਾ ਹੈ। ਬਾਬਾ ਜੀ ਨੇ ਪਟਨਾ ਸਾਹਿਬ ਵਿਚਲੇ ਬਾਲ ਹਾਣੀਆਂ ਨਾਲ ਗੰਗਾ ਦਰਿਆ ਕੰਢੇ ਖੇਡਦਿਆਂ ਸੁਭਾਵਕ ਪੱਖਾਂ ਤੋਂ ਲੈ ਕੇ ਪ੍ਰਵਾਰ ਵਿਛੋੜੇ, ਚਮਕੌਰ ਦੀ ਜੰਗ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਤ ਵੱਖ ਵੱਖ ਪੱਖਾਂ ਨੂੰ ਸਾਂਝਾ ਕਰਦਿਆਂ ਜੋਰ ਦਿੰਦਿਆਂ ਕਿਹਾ ਕਿ “ਜਫਰਨਮਾ” ਵੀ ਗੁਰੂ ਜੀ ਦੀ ਦ੍ਰਿੜਤਾ ਆਪਣੇ ਮਿਸ਼ਨ ਦੀ ਪਰਪੱਕਤਾ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਰੋਸੇ ਦੀ ਅਡੋਲਤਾ ਦੀ ਉਦਾਹਰਣ ਹੈ, ਇਹ ਜੋਸ਼ ਅਤੇ ਹੋਸ਼ ਦੇ ਸੰਗਮ ਦੇ ਨਾਲ ਨਾਲ ਚੜਦੀ ਕਲਾ, ਅਣਖ ਦਾ ਸਿਖਰ ਨੈਤਿਕਤਾ ਅਤੇ ਸਾਹਸ ਦੇ ਢਹਿੰਦੇ ਦੌਰ ਵਿੱਚ ਜਫਰਨਾਮਾ ਅਜਿਹਾ ਚਾਨਣ ਮੁਨਾਰਾ ਹੈ ਜੋ ਗੁਰਮਤਿ ਦੇ ਪਾਂਧੀਆਂ ਲਈ ਵੱਡਾ ਪ੍ਰੇਰਨਾ ਸਰੋਤ ਸਾਬਤ ਹੋ ਸਕਦਾ ਹੈ। ਗੁਰੂ ਸਾਹਿਬ ਜੀ ਦੇ ਹਿਰਦੇ ‘ਚ ਮਨੁੱਖ ਮਾਤਰ ਲਈ ਪਿਆਰ ਕੁਟ-ਕੁਟ ਕੇ ਭਰਿਆ ਹੋਇਆ ਸੀ। ਉਹ ਮਾਨਵਤਾ ਦੇ ਅਜਿਹੇ ਪੁਜਾਰੀ ਸਨ, ਕਿ ਯੁੱਧ ਦੇ ਮੈਦਾਨ ‘ਚ ਵੀ ਮਿੱਤਰ-ਦੁਸ਼ਮਣ ‘ਚ ਵੀ ਕੋਈ ਅੰਤਰ ਨਹੀਂ ਸਮਝਦੇ ਸਨ। ਭਾਈ ਘਨ੍ਹਈਆ ਜੀ ਯੁੱਧ ਦੇ ਮੈਦਾਨ ਚ ਬਗੈਰ ਕਿਸੇ ਭੇਦ ਭਾਵ ਦੇ ਜਲ ਛਕਾਉਂਦੇ, ਮਲ੍ਹਮ ਪੱਟੀ ਵੀ ਕਰਦੇ ਸਨ। ਗੁਰੂ ਸਾਹਿਬ ਜੀ ਦੀ ਇਨਸਾਨੀਅਤ ਅਤੇ ਉਦਾਰਤਾ ਦੀ ਵੀ ਕਿਸੇ ਕੋਲ ਬਰਾਬਰੀ ਨਹੀਂ। ਇਸ ਲਈ ਮਾਨਵਤਾ ਤੇ ਪਰਉਪਕਾਰਤਾ ਦੇ ਮਹਾਨ ਅਲੰਬਰਦਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿਧਾਂਤਾਂ ਤੇ ਚੱਲਣ ਦਾ ਪ੍ਰਣ ਕਰੀਏ।
