ਨਵਾਂਸ਼ਹਿਰ ’ਚ ਪੂਜਾ ਤੇ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਤੇ ਦੂਸਰੀਆਂ ਮੇਜ਼ਬਾਨੀ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ ਤੋਂ ਖੋਲ੍ਹਣ ਦੀ ਮਨਜੂਰੀ-ਜ਼ਿਲ੍ਹਾ ਮੈਜਿਸਟ੍ਰੇਟ
ਨਿਊਜ਼ ਪੰਜਾਬ
ਨਵਾਂਸ਼ਹਿਰ, 6 ਜੂਨ- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪੰਜਾਬ ਸਰਕਾਰ ਦੇ ਮਿਤੀ 6 ਜੂਨ 2020 ਦੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ’ਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਦਾਰ 144 ਤਹਿਤ ਜ਼ਿਲ੍ਹੇ ’ਚ ਪੂਜਾ ਤੇ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਤੇ ਦੂਸਰੀਆਂ ਮੇਜ਼ਬਾਨੀ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ, 2020 ਤੋਂ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ। ਇਨ੍ਹਾਂ ਸਾਰੇ ਸੰਸਥਾਨਾਂ ਵਾਸਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਜ਼ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਸ਼ਾਪਿੰਗ ਮਾਲਜ਼ ’ਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਲਈ ਆਪਣੇ ਮੋਬਾਇਲ ’ਤੇ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ। ਪਰਿਵਾਰ ਦੇ ਮਾਮਲੇ ’ਚ ਨਾਲ ਆਏ ਇੱਕ ਵਿਅਕਤੀ ਦੇ ਫ਼ੋਨ ’ਤੇ ਕੋਵਾ ਐਪ ਜ਼ਰੂਰੀ ਹੋਵੇਗੀ। ਮਾਲ ਵਿੱਚ ਇੱਧਰ-ਉੱਧਰ ਘੁੰਮਣਾ ਮਨ੍ਹਾਂ ਹੋਵੇਗਾ।
ਸ਼ਾਪਿੰਗ ਮਾਲ ’ਚ ਦਾਖਲਾ ਟੋਕਨ ਪ੍ਰਣਾਲੀ ’ਤੇ ਆਧਾਰਿਤ ਹੋਵੇਗਾ ਅਤੇ ਇੱਕ ਨਿਸ਼ਚਿਤ ਗਿਣਤੀ ਤੋਂ ਵੱਧ ਵਿਅਕਤੀ ਮਾਲ ਅੰਦਰ ਦਾਖਲ ਨਹੀਂ ਹੋਣਗੇ। ਮਾਲ ਅੰਦਰ ਸਥਿਤ ਹਰੇਕ ਦੁਕਾਨ ’ਚ ਦਾਖਲ ਹੋਣ ਵਾਲੇ ਗਾਹਕਾਂ ਦੀ ਗਿਣਤੀ ਉਨ੍ਹਾਂ ’ਚ 6 ਫੁੱਟ ਦੀ ਦੂਰੀ ਦੇ ਆਧਾਰ ’ਤੇ ਨਿਸ਼ਚਿਤ ਕੀਤੀ ਜਾਵੇਗੀ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਮਾਲ ਅੰਦਰ ਵਿਅਕਤੀਆਂ ਦੇ ਦਾਖਲ ਹੋਣ ਦੀ ਕੁੱਲ ਸਮਰੱਥਾ ਦਾ 50 ਫ਼ੀਸਦੀ ਤੋਂ ਵਧੇਰੇ ਨਾ ਹੋਵੇ। ਮਾਰਕਰ ਨਾਲ ਅੰਦਰ ਦਾਖਲ ਹੋਣ ਵਾਲਿਆਂ ਲਈ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਈ ਜਾਵੇ। ਦਿਵਿਆਂਗ ਵਿਅਕਤੀਆਂ ਜਾਂ ਮੈਡੀਕਲ ਐਮਰਜੈਂਸੀ ਤੋਂ ਬਿਨਾਂ ਲਿਫ਼ਟ ਨਾ ਵਰਤੀ ਜਾਵੇ ਜਦਕਿ ਐਸਕਾਲੇਟਰ (ਬਿਜਲਈ ਪੌੜੀਆਂ) ਵਰਤੀਆਂ ਜਾ ਸਕਦੀਆਂ ਹਨ। ਕੱਪੜਿਆਂ ਜਾਂ ਹੋਰ ਕਿਸੇ ਪਹਿਨਣ ਵਾਲੀ ਚੀਜ਼ ਦਾ ਟ੍ਰਾਇਲ ਕਰਨ ਦੀ ਇਜ਼ਾਜ਼ਤ ਨਾ ਦਿੱਤੀ ਜਾਵੇ। ਸਿਹਤ ਵਿਭਾਗ ਦੀ ਟੀਮ ਅੰਦਰ ਕੰਮ ਕਰਨ ਵਾਲੇ ਵਰਕਰਾਂ ਦਾ ਨਿਯਮਤ ਰੂਪ ’ਚ ਸਿਹਤ ਨਿਰੀਖਣ ਕਰੇਗੀ। ਮਾਲ ਦੇ ਅੰਦਰ ਰੈਸਟੋਰੈਂਟ ਜਾਂ ਫੂਡ ਕੋਰਟ ਕੇਵਲ ਟੇਕ-ਅਵੇਅ ਜਾਂ ਹੋਮ ਡਲਿਵਰੀ ਸੇਵਾ ਹੀ ਦੇ ਸਕਣਗੇ। ਇਨ੍ਹਾਂ ਮਾਲਜ਼ ਦੇ ਪ੍ਰਬੰਧਕ ਹੱਥ ਸਾਫ਼ ਰੱਖਣ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਹਿਨਣ ਦੇ ਪ੍ਰਬੰਧਾਂ ਲਈ ਜ਼ਿੰਮੇਂਵਾਰ ਹੋਣਗੇ।
ਰੈਸਟੋਰੈਂਟ ਕੇਵਲ ਭੋਜਨ ਘਰ ਲਿਜਾਣ ਜਾਂ ਹੋਮ ਡਲਿਵਰੀ ਲਈ ਹੀ ਖੋਲ੍ਹੇ ਜਾ ਸਕਣਗੇ ਅਤੇ ਹੋਮ ਡਲਿਵਰੀ ਰਾਤ 8 ਵਜੇ ਤੱਕ ਹੀ ਹੋ ਸਕੇਗੀ। ਰੈਸਟੋਰੈਂਟ ਦੇ ਪ੍ਰਬੰਧਕ ਹੱਥ ਸਾਫ਼ ਰੱਖਣ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਹਿਨਣ ਦੇ ਪ੍ਰਬੰਧਾਂ ਲਈ ਜ਼ਿੰਮੇਂਵਾਰ ਹੋਣਗੇ।
ਹੋਟਲ ਤੇ ਮੇਜ਼ਬਾਨੀ ਇਕਾਈਆਂ ਮਹਿਮਾਨਾਂ ਦੇ ਕਮਰਿਆਂ ’ਚ ਹੀ ਭੋਜਨ ਮੁਹੱਈਆ ਕਰਵਾ ਸਕਣਗੀਆਂ। ਰਾਤਰੀ ਕਰਫ਼ਿਊ ਲਾਗੂ ਰਹੇਗਾ ਅਤੇ ਇਨ੍ਹਾਂ ’ਚ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਹੀ ਗਤੀਵਿਧੀਆਂ ਚੱਲ ਸਕਣਗੀਆਂ। ਇਨ੍ਹਾਂ ਥਾਂਵਾਂ ’ਤੇ ਆਉਣ ਵਾਲਾ ਮਹਿਮਾਨ ਆਪਣੀ ਫ਼ਲਾਈਟ/ਰੇਲ ਜਾਂ ਹੋਰ ਸਫ਼ਰ ਸਹੂਲਤ ਅਨੁਸਾਰ ਰਾਤ 9 ਤੋਂ ਸਵੇਰੇ 5 ਵਜੇ ਤੱਕ ਆਉਣ ਅਤੇ ਜਾਣ ਦੀ ਆਗਿਆ ਹੋਵੇਗੀ। ਪ੍ਰਬੰਧਕ ਹੱਥ ਸਾਫ਼ ਰੱਖਣ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਹਿਨਣ ਦੇ ਪ੍ਰਬੰਧਾਂ ਲਈ ਜ਼ਿੰਮੇਂਵਾਰ ਹੋਣਗੇ।
ਪੂਜਾ ਅਤੇ ਧਾਰਮਿਕ ਸਥਾਨਾਂ ਸਵੇਰੇ 5 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਇੱਕ ਵਾਰ ’ਚ 20 ਤੋਂ ਜ਼ਿਆਦਾ ਸ਼ਰਧਾਲੂ (ਉਹ ਵੀ ਸਮਾਜਿਕ ਦੂਰੀ ਦੇ ਹਿਸਾਬ ਨਾਲ) ਪੂਜਾ-ਪਾਠ/ਦਰਸ਼ਨਾਂ ਲਈ ਨਹੀਂ ਆ ਸਕਣਗੇ ਅਤੇ ਪੂਜਾ/ਦਰਸ਼ਨਾਂ ਦੀ ਸਮਾਂ-ਸਾਰਣੀ ਵੱਖ-ਵੱਖ ਰੱਖੀ ਜਾਵੇ ਤਾਂ ਜੋ ਇੱਕ ਵਾਰ ’ਚ ਜ਼ਿਆਦਾ ਗਿਣਤੀ ਨਾ ਹੋਵੇ। ਪ੍ਰਸ਼ਾਦ, ਭੋਜਨ ਤੇ ਲੰਗਰ ਦੀ ਵਿਵਸਥਾ ਨਾ ਕੀਤੀ ਜਾਵੇ ਅਤੇ ਹੱਥ ਸਾਫ਼ ਰੱਖਣ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਹਿਨਣ ਦੇ ਪ੍ਰਬੰਧ ਉਚਿੱਤ ਰੂਪ ’ਚ ਕੀਤੇ ਜਾਣ।
ਜੇਕਰ ਉਕਤ ਸਾਰੇ ਸੰਸਥਾਨਾਂ ’ਚ ਕੋਈ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਕਾਂ ਖ਼ਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 ਤੋਂ 60 ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 188 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।