ਨਵਾਂਸ਼ਹਿਰ ਜ਼ਿਲ੍ਹੇ ’ਚ 11 ਸੈਂਪਲਿੰਗ ਟੀਮਾਂ ਅਤੇ 25 ਰੈਪਿਡ ਰਿਸਪਾਂਸ ਟੀਮਾਂ ਸਰਗਰਮ -ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਨੂੰ ਕੋਰੋਨਾ ਤੋਂ ਮੁਕਤ ਕਰਨ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤਿਆਰੀਆਂ
ਕਮਿਊਨਿਟੀ ਹੈਲਥ ਅਫ਼ਸਰਾਂ, ਸਟਾਫ਼ ਨਰਸਾਂ ਤੇ ਫ਼ਾਰਮਾਸਿਸਟਾਂ ਨੂੰ ਵੀ ਸੈਂਪਲ ਲੈਣ ਦੀ ਸਿਖਲਾਈ
ਚਾਰ ਫ਼ਲੂ ਕਾਰਨਰ ਤੇ ਤਿੰਨ ਸੈਂਪਲਿੰਗ ਕਿਓਸਕ ਕਾਰਜਸ਼ੀਲ – ਰੋਜ਼ਾਨਾ 150 ਸੈਂਪਲ ਲੈਣ ਦੀ ਟੀਚਾ
ਨਿਊਜ਼ ਪੰਜਾਬ
ਨਵਾਂਸ਼ਹਿਰ, 5 ਜੂਨ- ਪੰਜਾਬ ਸਰਕਾਰ ਵੱਲੋਂ ਜੂਨ ਮਹੀਨੇ ਨੂੰ ਮਿਸ਼ਨ ਫ਼ਤਿਹ ਵਜੋਂ ਮਨਾਉਣ ਅਤੇ ਕੋਰੋਨਾ ’ਤੇ ਜਿੱਤ ਪਾਉਣ ਲਈ ਉਲੀਕੇ ਪ੍ਰੋਗਰਾਮਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਸੈਂਪਲਿੰਗ ਦੀ ਰਫ਼ਤਾਰ 100 ਤੋਂ 150 ਪ੍ਰਤੀ ਦਿਨ ਕਰ ਦਿੱਤੀ ਗਈ ਹੈ ਜੋ ਕਿ ਸ਼ੁਰੂਆਤੀ ਤੌਰ ’ਤੇ 50 ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸੈਂਪਲਿੰਗ ਲਈ ਮੈਡੀਕਲ ਸਟਾਫ਼ ਤੇ ਲੈਬ ਟੈਕਨੀਸ਼ੀਅਨਾਂ ਤੋਂ ਬਾਅਦ ਹੁਣ ਕਮਿਊਨਿਟੀ ਹੈਲਥ ਅਫ਼ਸਰਾਂ, ਸਟਾਫ਼ ਨਰਸਾਂ ਅਤੇ ਫ਼ਾਰਮਾਸਿਸਟਾਂ ਨੂੰ ਤਿਆਰ ਕਰਨ ਲਈ ਉਨ੍ਹਾਂ ਦੀ ਵਿਸ਼ੇਸ਼ ਸਿਖਲਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ’ਚ 11 ਸੈਂਪਿਲੰਗ ਟੀਮਾਂ ਕਾਰਜਸ਼ੀਲ ਹਨ, ਜਿਨ੍ਹਾਂ ਨੂੰ ਭਵਿੱਖ ’ਚ ਵਧਾਇਆ ਜਾਵੇਗਾ।
ਉਨ੍ਹਾਂ ਨੇ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਕਮਿੳੂਨਿਟੀ ਹੈਲਥ ਸੈਂਟਰ ਬੰਗਾ, ਰਾਹੋਂ ਤੇ ਮੁਕੰਦਪੁਰ ’ਚ ਵਿਸ਼ੇਸ਼ ਫ਼ਲੂ ਕਾਰਨਰ ਬਣਾਏ ਗਏ ਹਨ ਜਦਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਕਮਿਊਨਿਟੀ ਹਸਪਤਾਲ ਬੰਗਾ ਅਤੇ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸੈਂਪਲ ਇਕੱਤਰ ਕਰਨ ਲਈ ਵਿਸ਼ੇਸ਼ ਕਿਓਸਕ ਸਥਾਪਿਤ ਕੀਤੇ ਗਏ ਹਨ।
ਸਿਵਲ ਸਰਜਨ ਅਨੁਸਾਰ ਜ਼ਿਲ੍ਹੇ ’ਚ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਕੋਵਿਡ ਪੀੜਤ ਦੀ ਸੂਚਨਾ ਮਿਲਣ ’ਤੇ ਤੁਰੰਤ ਸਿਹਤ ਜਾਂਚ ਲਈ 25 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਆਸ਼ਾ ਵਰਕਰਾਂ ਰਾਹੀਂ ਘਰ-ਘਰ ਸ਼ੱਕੀ ਪੀੜਤਾਂ ਦੀ ਸ਼ਨਾਖਤ ਕਰਨ ਦੇ 5 ਦਿਹਾਤੀ ਅਤੇ 3 ਸ਼ਹਿਰੀ ਪੜਾਅ ਪੂਰੇ ਕਰਨ ਬਾਅਦ ਹੁਣ ਅਗਲਾ ਵਿਸ਼ੇਸ਼ ਪੜਾਅ ਮਿਸ਼ਨ ਫ਼ਤਿਹ ਤਹਿਤ ਆਰੰਭ ਕੀਤਾ ਜਾ ਰਿਹਾ ਹੈ ਤਾਂ ਜੋ ਸਥਾਨਕ ਤੌਰ ’ਤੇ ਕਿਸੇ ਵੀ ਕੋਵਿਡ ਪੀੜਤ ਤੱਕ ਪੁੱਜਣ ਤੋਂ ਸਿਹਤ ਵਿਭਾਗ ਵਾਂਝਾ ਨਾ ਰਹਿ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 3734 ਵਿਅਕਤੀਆਂ ਦੇ ਕੋਵਿਡ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 3184 ਨੈਗੇਟਿਵ ਆਏ ਹਨ ਅਤੇ 444 ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 106 ਪਾਜ਼ਿਟਿਵ ਕੇਸ ਆਏ ਹਨ, ਜਿਨ੍ਹਾਂ ’ਚੋਂ ਕੇਵਲ ਚਾਰ ਇਲਾਜ ਅਧੀਨ ਹਨ।
ਡਾ. ਭਾਟੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਹਿਨਣਾ, ਹੱਥ ਧੋਣਾ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਬਿਲਕੁਲ ਵੀ ਨਾ ਭੁੱਲਣ ਅਤੇ ਖੁਦ ਇਸ ਸਭ ਦੀ ਮਿਸਾਲ ਬਣ ਕੇ ਲੋਕਾਂ ਨੂੰ ਇਸ ਸਭ ਦੀ ਪਾਲਣਾ ਕਰਕੇ ਕੋਵਿਡ ਤੋਂ ਬਚਣ ਲਈ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤਾ ਜਾਂਦਾ ਹੈ, ਉਹ ਆਪਣੇ ਘਰ ’ਚ ਹੀ ਰਹੇ ਅਤੇ ਉਲੰਘਣਾ ਕਰਕੇ ਪਰਿਵਾਰ, ਆਸ-ਪੜੋਸ ਤੇ ਸਮਾਜ ਲਈ ਖਤਰਾ ਨਾ ਬਣੇ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਚਣ ਦਾ ਇੱਕੋ-ਇੱਕ ਇਲਾਜ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਹੈ ਅਤੇ ਸਾਨੂੰ ਇਸ ’ਚ ਕੋਈ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ।