ਵਿਧਾਇਕ ਸੁਰਿੰਦਰ ਡਾਵਰ ਦੀ ਅਪੀਲ ’ਤੇ ਤਿੰਨ ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਦੀ ਫੀਸ ਕੀਤੀ ਮੁਆਫ਼
ਲੁਧਿਆਣਾ, 31 ਮਈ (ਨਿਊਜ਼ ਪੰਜਾਬ)-ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਦੀ ਅਪੀਲ ’ਤੇ ਉਨ੍ਹਾਂ ਦੇ ਹਲਕੇ ਦੇ ਤਿੰਨ ਨਿੱਜੀ ਸਕੂਲਾਂ ਨੇ ਕੋਵਿਡ 19 ਦੇ ਚੱਲਦਿਆਂ ਆਪਣੇ ਵਿਦਿਆਰਥੀਆਂ ਦੀ ਅਪ੍ਰੈੱਲ ਅਤੇ ਮਈ ਮਹੀਨੇ ਦੀ ਫੀਸ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਮਾਪਿਆਂ ਦੇ ਸਿਰ ’ਤੇ ਫੀਸਾਂ ਦਾ ਵਾਧੂ ਬੋਝ ਨਾ ਰਹੇ। ਇਨ੍ਹਾਂ ਸਕੂਲਾਂ ਵਿੱਚ ਫਲੋਰੈਂਸ ਪਬਲਿਕ ਸਕੂਲ, ਆਰਤੀ ਮਾਡਲ ਸਕੂਲ ਅਤੇ ਪ੍ਰਕਾਸ਼ ਮੈਮੋਰੀਅਲ ਸਕੂਲ ਸ਼ਾਮਿਲ ਹਨ।
ਸ੍ਰੀ ਸੁਰਿੰਦਰ ਡਾਵਰ ਦੇ ਪੁੱਤਰ ਸ੍ਰੀ ਮਾਨਿਕ ਡਾਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਇਹ ਅਪੀਲ ਮੰਨਣ ’ਤੇ ਉਨ੍ਹਾਂ ਨੇ ਤਿੰਨਾਂ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ਨੇ ਇਸ ਮੁਸੀਬਤ ਦੀ ਘੜੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਤੌਰ ’ਤੇ ਬਾਂਹ ਫੜੀ ਹੈ।
ਉਨ੍ਹਾਂ ਹੋਰਨਾਂ ਵੱਡੇ ਨਿੱਜੀ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਸ਼ਕਿਲ ਘੜੀ ਵਿੱਚ ਵਿਦਿਆਰਥੀਆਂ ਦੀ ਫੀਸ ਮੁਆਫ਼ ਕਰਨ। ਅੱਜ ਦੇ ਦੌਰ ਵਿੱਚ ਮੱਧਮ ਵਰਗ ਆਰਥਿਕ ਪੱਖੋਂ ਕਾਫੀ ਡਾਵਾਂਡੋਲ ਹੈ। ਇਸ ਕਰਕੇ ਨਿੱਜੀ ਸਕੂਲਾਂ ਨੂੰ ਅਜਿਹੇ ਮਾਪਿਆਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ।