ਆਬਕਾਰੀ ਵਿਭਾਗ ਨੇ ਰੇਡ ਕਰਕੇ 11 ਹਜ਼ਾਰ ਲੀਟਰ ਲਾਹਣ ਨਸ਼ਟ ਕਰਵਾਈ
ਲੁਧਿਆਣਾ, 31 ਮਈ (ਨਿਊਜ਼ ਪੰਜਾਬ)-ਖੂਫੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਦੀ ਟੀਮ ਨੇ ਪੁਲਿਸ ਦੀ ਸਹਾਇਤਾ ਨਾਲ ਪਿੰਡ ਭੋਲੇਵਾਲ ਜਦੀਦ ਕੋਲ 11 ਹਜ਼ਾਰ ਲੀਟਰ ਦੇਸੀ ਸ਼ਰਾਬ ਲਾਹਣ ਫੜਨ ਵਿੱਚ ਸਫ਼ਲਤਾ ਹਾਸਿਲ ਕੀਤੀ, ਜਿਸ ਨੂੰ ਵਿਭਾਗ ਵੱਲੋਂ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ। ਇਸ ਟੀਮ ਦੀ ਅਗਵਾਈ ਆਬਕਾਰੀ ਇੰਸਪੈਕਟਰ ਸ੍ਰ. ਨਵਦੀਪ ਸਿੰਘ ਹਾਦੀਵਾਲ ਵੱਲੋਂ ਕੀਤੀ ਗਈ। ਇਸ ਟੀਮ ਵਿੱਚ ਲੁਧਿਆਣਾ ਪੁਲਿਸ ਦੇ ਕਈ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਸ੍ਰ. ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋਂ 6 ਡਰੰਮ, 2 ਗਾਗਰਾਂ, 50 ਖਾਲੀ ਬੋਰੀਆਂ, 2 ਭਾਂਡੇ ਲਾਹਣ ਤਿਆਰ ਕਰਨ ਵਾਲੇ, 2 ਰਬੜ ਦੀਆਂ ਪਾਈਪਾਂ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਜੋ ਵਿਅਕਤੀ ਇਹ ਲਾਹਣ ਤਿਆਰ ਕਰਨ ਦਾ ਗੋਰਖਧੰਦਾ ਕਰਦੇ ਸਨ, ਉਹ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਰੇਡਾਂ ਜਾਰੀ ਰੱਖੀਆਂ ਜਾਣਗੀਆਂ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਦਾ ਗੈਰਕਾਨੂੰਨੀ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਟੀਮ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ, ਸ੍ਰ. ਹਰਦੀਪ ਸਿੰਘ, ਸ੍ਰ. ਹਰਜੀਤ ਸਿੰਘ ਅਤੇ ਹੋਰ ਵੀ ਸ਼ਾਮਿਲ ਸਨ।