ਸੀ ਡੀ ਪੀ ਓ ਸਵਿਤਾ ਕੁਮਾਰੀ ਇਸਤਰੀ ਤੇ ਬਾਲ ਵਿਕਾਸ ਵਿਭਾਗ ’ਚੋਂ 19 ਸਾਲ ਦੀ ਨੌਕਰੀ ਬਾਅਦ ਸੇਵਾਮੁਕਤ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਤੇ ਸਟਾਫ਼ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ

ਨਿਊਜ਼ ਪੰਜਾਬ

ਨਵਾਂਸ਼ਹਿਰ, 30 ਮਈ- ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਬੰਗਾ ਸਵਿਤਾ ਕੁਮਾਰੀ ਨੂੰ ਕਲ੍ਹ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ’ਚ 19 ਸਾਲ ਦੀ ਸੇਵਾ ਨਿਭਾਉਣ ਬਾਅਦ ਸੇਵਾਮੁਕਤੀ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੇਵਾਮੁਕਤੀ ਮੌਕੇ ਸਾਦਾ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਤੇ ਸਹਿਯੋਗੀ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਇਸ ਮੌਕੇ ਆਖਿਆ ਕਿ ਸਵਿਤਾ ਰਾਣੀ ਵੱਲੋਂ ਨਵਾਂਸ਼ਹਿਰ, ਬੰਗਾ ਤੇ ਔੜ ’ਚ ਵੱਖ-ਵੱਖ ਸਮੇਂ ’ਤੇ ਬਤੌਰ ਸੀ ਡੀ ਪੀ ਓ ਨਿਭਾਈਆਂ ਗਈਆਂ ਸੇਵਾਵਾਂ ਹਮੇਸ਼ਾਂ ਸਲਾਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ 8 ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਮੌਕਿਆਂ ’ਤੇ ਸਨਮਾਨਿਤ ਹੋ ਚੁੱਕੀ ਸਵਿਤਾ ਕੁਮਾਰੀ ਨੇ ਸਮਾਜ ਸੇਵਾ, ਬੇਟੀ ਬਚਾਓ ਬੇਟੀ ਪੜ੍ਹਾਓ, ਚੋਣਾਂ ਦੌਰਾਨ ਸਵੀਪ ਗਤੀਵਿਧੀਆਂ, ਔਰਤਾਂ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਸੈਲਫ਼ ਹੈਲਪ ਗਰੁੱਪ ਬਣਾਉਣ, ਸਿਲਾਈ ਸੈਂਟਰ, ਕੰਪਿਊਟਰ ਸਿਖਲਾਈ ਤੇ ਬਿਊਟੀ ਪਾਰਲਰ ਕੋਰਸ ਆਦਿ ਕਰਵਾ ਕੇ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਡੈਪੋ ਤਹਿਤ ਮਾਸਟਰ ਟ੍ਰੇਨਰ ਤੇ ਨੋਡਲ ਅਫ਼ਸਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ।
ਸੀ ਡੀ ਪੀ ਓ ਔੜ ਪੂਰਨ ਪੰਕਜ ਸ਼ਰਮਾ ਨੇ ਇਸ ਮੌਕੇ ਆਖਿਆ ਕਿ ਸਵਿਤਾ ਕੁਮਾਰੀ ਵੱਲੋਂ ਆਪਣੀ ਔੜ ਤਾਇਨਾਤੀ ਦੌਰਾਨ ਬਲਾਕ ਨੂੰ ਕੌਮੀ ਪੱਧਰ ’ਤੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰਵਾਉਣ ਤੇ ਪਛਾਣ ਦਿਵਾਉਣ ’ਚ ਵਡਮੁੱਲਾ ਯੋਗਦਾਨ ਪਾਇਆ ਗਿਆ।
ਸੀ ਡੀ ਪੀ ਓ ਸਵਿਤਾ ਕੁਮਾਰੀ ਨੇ ਇਸ ਮੌਕੇ ਵਿਭਾਗ ਵੱਲੋਂ ਦਿੱਤੇ ਮਾਣ-ਸਨਮਾਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਵਿਭਾਗ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ 1983 ਤੋਂ 1991 ਤੱਕ ਬਤੌਰ ਅਧਿਆਪਕਾ ਵੀ ਸੇਵਾਵਾਂ ਨਿਭਾਈਆਂ ਅਤੇ ਫ਼ਿਰ ਸੰਗਠਿਤ ਬਾਲ ਵਿਕਾਸ ਪ੍ਰੋਗਰਾਮ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ’ਚ ਸੇਵਾ ਕਰਕੇ ਜੋ ਸਕੂਨ ਮਿਲਿਆ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਔਰਤਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਸੇਵਾਮੁਕਤੀ ਤੋਂ ਬਾਅਦ ਵੀ ਮਹਿਲਾਵਾਂ ਦੀ ਬੇਹਤਰੀ ਲਈ ਕੰਮ ਕਰਦੇ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ ਡੀ ਪੀ ਓ ਜਸਵਿੰਦਰ ਕੌਰ ਸੜੋਆ, ਸੀ ਡੀ ਪੀ ਓ ਨਰੇਸ਼ ਕੌਰ ਬਲਾਚੌਰ, ਸੀ ਡੀ ਪੀ ਓ ਔੜ ਤੇ ਨਵਾਂਸ਼ਹਿਰ ਪੂਰਨ ਪੰਕਜ ਸ਼ਰਮਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਸੀ ਡੀ ਪੀ ਓ ਬੰਗਾ ਸਵਿਤਾ ਕੁਮਾਰੀ ਨੂੰ ਸੇਵਾਮੁਕਤੀ ਮੌਕੇ ਸਨਮਾਨਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਤੇ ਹੋਰ ਅਧਿਕਾਰੀ।