ਨਿਊਜ਼ ਪੰਜਾਬ
ਉੱਘੇ ਲੇਖਕ, ਫੋਟੋ-ਆਰਟਿਸਟ, ਵਾਤਾਵਰਨ ਪ੍ਰੇਮੀ ਅਤੇ ਟੋਟਕਾ ਵਾਚਕ ਸ੍ਰ. ਰਣਜੋਧ ਸਿੰਘ ਦੀ ਪੇਸ਼ਕਸ਼ ਸੁਣੀ – ਸੁਣਾਈ
ਇੱਕ ਬਹੁਤ ਅਮੀਰ ਅਤੇ ਸੋਹਣੀ ਔਰਤ ਇੱਕ ਗਰੀਬ ਚਿੱਤਰਕਾਰ ਕੋਲ ਗਈ ਅਤੇ ਉਸ ਕੋਲ ਆਪਣਾ ਇੱਕ ਖੂਬਸੂਰਤ ਚਿਤਰ ਬਣਾਉਣ ਦੀ ਖਾਹਿਸ਼ ਪ੍ਰਗਟ ਕੀਤੀ 
ਚਿੱਤਰਕਾਰ ਵੀ ਲੋੜਵੰਦ ਸੀ ਤੇ ਉਹ ਔਰਤ ਨੂੰ ਵੇਖਦਿਆਂ ਸਾਰ ਹੀ ਹੱਥਲਾ ਕੰਮ ਛੱਡ ਉਸ ਦਾ ਚਿੱਤਰ ਬਣਾਉਣ ਲਈ ਸਹਿਮਤ ਹੋ ਗਿਆ, ਉਸ ਨੇ ਸੋਚਿਆ ਡਾਲਰ ਵੀ ਕਮਾ ਲਵਾਂਗਾ ਤੇ ਸ਼ੋਹਰਤ ਵੀ ਖੱਟਾਂ ਗਾ,
ਉਹਨੇ ਔਰਤ ਨੂੰ ਕਿਹਾ ਮੈਂ ਤੁਹਾਡਾ ਸੋਹਣਾ ਜਿਹਾ ਚਿੱਤਰ ਬਣਾਉਣ ਲਈ ਤਿਆਰ ਹਾਂ, ਤੇ ਉਹਨੇ ਚਿੱਤਰਨ ਲਈ ਬਰੁਸ਼ ਫੜ ਲਿਆ ਅਤੇ ਬੈਠਣ ਲਈ ਕਿਹਾ 
ਚਿੱਤਰ ਬਣਾਉਣ ਲਈ ਉਹਨੇ ਖਾਕਾ ਤਿਆਰ ਕੀਤਾ ਤੇ ਰੰਗ ਭਰਨੇ ਸ਼ੁਰੂ ਕੀਤੇ, ਔਰਤ ਦੀ ਸੁੰਦਰਤਾ ਵੇਖ ਵੇਖ ਚਿੱਤਰ ਨੂੰ ਤਰਾਸ਼ਨ ਲੱਗਾ
ਜਿਵੇ ਜਿਵੇ ਚਿੱਤਰ ਉੱਘੜਨਾ ਸ਼ੁਰੂ ਹੋਇਆ ਔਰਤ ਆਪਣੇ ਮਨ ਵਿੱਚ ਖੁਸ਼ ਹੋਣ ਲੱਗੀ ਅਤੇ ਉਸ ਦੇ ਚੇਹਰੇ ਤੇ ਮੁੱਸਕਰ੍ਹਾਂਟ ਨਜ਼ਰ ਆਉਣ ਲੱਗੀ 
ਚਿੱਤਰਕਾਰ ਕਲਾ ਦਾ ਧਨੀ ਸੀ, ਜਿਓ ਜਿਓ ਉਹ ਰੰਗ ਭਰ ਰਿਹਾ ਸੀ ਚਿੱਤਰ ਉੱਭਰਦਾ ਆ ਰਿਹਾ ਸੀ ਉਹ ਔਰਤ ਦੇ ਸੁਝਾਅ ਅਨੁਸਾਰ ਵੀ ਰੰਗਤ ਦੇ ਰਿਹਾ ਸੀ 
ਹੁਣ ਉਹ ਚਿੱਤਰ ਨੂੰ ਅੰਤਿਮ ਟੱਚ ਦੇਣਾ ਚਹੁੰਦਾ ਸੀ ਪਰ ਉਹ ਕੰਮ ਕਰਦਾ ਕਰਦਾ ਥੱਕ ਗਿਆ ਸੀ, ਚਿੱਤਰਕਾਰ ਨੇ ਔਰਤ ਨੂੰ ਕਿਹਾ ਕਿ ਉਹ ਵੀ ਹੁਣ ਅਰਾਮ ਕਰੇ ਅਤੇ ਕੱਲ ਸਵੇਰੇ ਆਪਣਾ ਚਿੱਤਰ ਲੈ ਜਾਵੇ, ਔਰਤ ਬਣਦੇ ਚਿੱਤਰ ਨੂੰ ਵੇਖ ਕਿ ਬਹੁਤ ਖੁਸ਼ ਸੀ ਤੇ ਉਹਨੇ ਸਵੇਰੇ ਆਉਣ ਲਈ ਹਾਂ ਕੀਤੀ ਤੇ ਚੱਲੀ ਗਈ!
ਅਗਲੇ ਦਿਨ ਜਦੋਂ ਉਹ ਅਮੀਰ ਔਰਤ ਉਸ ਕੋਲੋਂ ਆਪਣਾ ਚਿੱਤਰ ਲੈਣ ਆਈ। ਉਹ ਚਿੱਤਰ ਵੇਖ ਕੇ ਬਹੁਤ ਖੁਸ਼ ਹੋਈ ।
ਔਰਤ ਨੇ ਆਪ ਵੀ ਬਰੁਸ਼ ਫੜ ਕੇ ਕੁੱਝ ਪੁਆਇੰਟ ਟੱਚ ਕੀਤੇ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ
ਉਸ ਨੇ ਚਿੱਤਰਕਾਰ ਨੂੰ ਕਿਹਾ ਕਿ ਤੈਨੂੰ ਇਸਦਾ ਕੀ ਇਨਾਮ ਦੇਵਾਂ?
ਚਿੱਤਰਕਾਰ ਗਰੀਬ ਆਦਮੀ ਸੀ। ਗਰੀਬ ਆਦਮੀ ਖਾਹਿਸ਼ ਸਿਰਫ਼ ਡਾਲਰ ਹੀ ਸੀ, ਕਿੰਨੀ ਕੁ ਵੱਡੀ ਮੰਗ ਕਰੇ ਕਰੇ? ਮੰਗੇ ਵੀ ਤਾਂ ਕਿੰਨਾ ਕੁ ਮੰਗੇ?
ਸਾਡੀ ਮੰਗ ਵੀ ਸਭ ਗਰੀਬ ਆਦਮੀ ਦੀ ਮੰਗ ਹੈ। ਪ੍ਰਮਾਤਮਾ ਪਾਸੋਂ ਅਸੀਂ ਜੋ ਮੰਗ ਰਹੇ ਹਾਂ, ਉਹ ਨਿਗੂਣਾ ਹੈ।
ਤਾਂ ਉਸ ਚਿੱਤਰਕਾਰ ਨੇ ਮਨ ਵਿੱਚ ਸੋਚਿਆ ਕਿ ਸੌ ਡਾਲਰ ਮੰਗਾਂ, ਦੋ ਸੌ ਡਾਲਰ ਮੰਗਾਂ ਜਾਂ ਪੰਜ ਸੌ ਡਾਲਰ ਮੰਗਾਂ। ਫਿਰ ਉਸਦੀ ਹਿੰਮਤ ਡਗਮਗਾਉਣ ਲੱਗੀ ਕਿ ਐਨਾ ਦੇਵੇਗੀ ਜਾ ਨਹੀਂ ਦੇਵੇਗੀ?ਫਿਰ ਉਸ ਨੇ ਸੋਚਿਆ ਕਿ ਚੰਗਾ ਹੋਵੇਗਾ ਕਿ ਇਸ ’ਤੇ ਹੀ ਛੱਡ ਦਿਆਂ। ਸ਼ਾਇਦ ਜ਼ਿਆਦਾ ਦੇ ਦੇਵੇ। ਉਹ ਕਦੇ ਉਸ ਵੱਲ ਤੇ ਕਦੇ ਉਸ ਦੇ ਪਰਸ ਵੱਲ ਵੇਖ਼ੇ 
ਉਸ ਨੇ ਮਨ ਵਿੱਚ ਸੋਚਿਆ ਕਿ ਇਸ ਉੱਤੇ ਛੱਡ ਦੇਵਾਂ ਤਾਂ ਪਤਾ ਨਹੀਂ ਉਹ ਦੇਵੇ ਜਾਂ ਨਾ ਦੇਵੇ ਜਾਂ ਕਿਤੇ ਘੱਟ ਨਾ ਦੇ ਦੇਵੇ। ਪਰ ਫਿਰ ਇੱਕ ਵਾਰੀ ਉਸਨੇ ਹਿੰਮਤ ਕਰਕੇ ਉਸ ’ਤੇ ਹੀ ਛੱਡ ਦਿੱਤਾ। ਉਸ ਨੇ ਕਿਹਾ ਕਿ ਤੁਹਾਡੀ ਜੋ ਮਰਜ਼ੀ ਹੈ ਦੇ ਦਿਉ।
ਤਾਂ ਉਸ ਔਰਤ ਨੇ, ਹੱਥ ਵਿਚ ਉਸ ਦਾ ਜੋ ਪਰਸ ਸੀ ਉਸਨੇ ਕਿਹਾ ਕਿ ਠੀਕ ਹੈ, ਇਹ ਪਰਸ ਤੂੰ ਰੱਖ ਲੈ। ਇਹ ਬੜਾ ਕੀਮਤੀ ਪਰਸ ਹੈ।
ਪਰਸ ਕੀਮਤੀ ਸੀ, ਪਰ ਚਿੱਤਰਕਾਰ ਦਾ ਮਨ ਬੈਠ ਗਿਆ ਕਿ ਪਰਸ ਨੂੰ ਰੱਖ ਕੇ ਕੀ ਕਰਾਂਗਾ? ਮੰਨਿਆ ਕਿ ਕੀਮਤੀ ਹੈ ਅਤੇ ਸੁੰਦਰ ਹੈ ਪਰ ਇਸ ਨਾਲ ਕੁਝ ਆਉਂਦਾ ਜਾਂਦਾ ਨਹੀਂ, ਮੈਨੂੰ ਤਾਂ ਡਾਲਰ ਚਾਹੀਦੇ ਹਨ । ਇਸ ਤੋਂ ਤਾਂ ਬਿਹਤਰ ਸੀ ਕਿ ਮੈਂ ਸੌ ਕੁ ਡਾਲਰ ਹੀ ਮੰਗ ਲੈਂਦਾ। ਉਸ ਨੇ ਔਰਤ ਨੂੰ ਪਰਸ ਵਾਪਸ ਕਰਦਿਆਂ ਕਿਹਾ ਮੈਂ ਪਰਸ ਦਾ ਕੀ ਕਰਾਂਗਾ? ਤੁਸੀਂ ਬਸ ਸੌ ਡਾਲਰ ਦੇ ਦਿਉ। 
ਉਸ ਔਰਤ ਨੇ ਫਿਰ ਵੀ ਕਿਹਾ ਕਿ ਇਹ ਪਰਸ ਰੱਖ ਲੈ, ਇਹ ਬਹੁਤ ਕੀਮਤੀ ਹੈ ਪਰ ਉਹ ਹੁਣ ਅੜ੍ਹ ਗਿਆ ਕਿ ਨਹੀਂ ਤੁਸੀਂ ਸੌ ਡਾਲਰ ਦੇ ਦਿਉ ਬਸ। ਉਸ ਔਰਤ ਨੇ ਕਿਹਾ, ਜਿਵੇਂ ਤੇਰੀ ਮਰਜੀ।

ਉਸਨੇ ਪਰਸ ਖੋਲ੍ਹਿਆ ਉਸ ਵਿੱਚ ਇੱਕ ਲੱਖ ਡਾਲਰ ਸਨ। ਉਸ ਨੇ ਸੌ ਡਾਲਰ ਕੱਢ ਕੇ ਚਿੱਤਰਕਾਰ ਨੂੰ ਦੇ ਦਿੱਤਾ। ਅਤੇ ਪਰਸ ਅਤੇ ਆਪਣਾ ਚਿੱਤਰ ਲੈ ਕੇ ਉੱਥੋਂ ਚਲੀ ਗਈ।

ਸੁਣਿਆ ਹੈ ਕਿ ਚਿੱਤਰਕਾਰ ਹੁਣ ਸੋਚ ਰਿਹਾ ਤੇ ਦੁੱਖੀ ਹੋ ਕੇ ਪਛਤਾਅ ਰਿਹਾ ਕਿ ਭਰੋਸਾ ਕਰਕੇ ਪਰਸ ਰੱਖ ਲੈਂਦਾ ਤੇ ਇੱਕ ਲੱਖ ਡਾਲਰ ਦਾ ਮਾਲਕ ਹੁੰਦਾ, ਪਰ ਭਰੋਸਾ….?
ਹਰੇਕ ਆਦਮੀ ਕਰੀਬ-ਕਰੀਬ ਇਸ ਹਾਲਤ ਵਿੱਚ ਹੈ। ਪਰਮਾਤਮਾ ਨੇ ਜੋ ਦਿੱਤਾ ਹੈ। ਉਹ ਬੇਸ਼ਕੀਮਤੀ ਹੈ। ਉਹ ਬੰਦ ਹੈ, ਲੁਕਿਆ ਹੈ। ਅਤੇ ਅਸੀ ਮੰਗੀ ਜਾ ਰਹੇ ਹਾਂ ਦੋ-ਦੋ ਪੈਸੇ, ਦੋ-ਦੋ ਕੌਡੀ ਦੀ ਗੱਲ ਕਰਦੇ ਹਾਂ ਅਤੇ ਉਹ ਜੀਵਨ ਦੀ ਜੋ ਸੰਪਦਾ ਉਸਨੇ ਸਾਨੂੰ ਦਿੱਤੀ ਹੈ। ਉਸ ਪਰਸ ਨੂੰ ਅਸੀਂ ਖੋਲ੍ਹ ਕੇ ਦੇਖਦੇ ਵੀ ਨਹੀਂ ਹਾਂ…
ਬਾਕੀ ਹੋਰ ਸੁਣੀ – ਸੁਣਾਈ ਫ਼ੇਰ ਕਦੇ ! @ Ranjodh Singh
——–=–
ਤਸਵੀਰਾਂ : Ideogram ਦੇ ਧੰਨਵਾਦ ਨਾਲ
