ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ NRI ਗ੍ਰਿਫਤਾਰ,ਆਰੋਪੀ ਅੰਮ੍ਰਿਤਪਾਲ ਨੇ ਕਬੂਲਿਆ ਜੁਰਮ,ਫਾਰਚੂਨਰ ਕਾਰ ਨਾਲ ਵੱਜੀ ਸੀ ਟੱਕਰ

ਨਿਊਜ਼ ਪੰਜਾਬ

16 ਜੁਲਾਈ 2025

ਦਿਹਾਤੀ ਪੁਲਿਸ ਨੇ 114 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਨਾਲ ਸਬੰਧਤ ਹਿੱਟ ਐਂਡ ਰਨ ਮਾਮਲੇ ਵਿੱਚ, ਦਿਹਾਤੀ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ 30 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਫਾਰਚੂਨਰ ਕਾਰ(ਪੀਬੀ 20 ਸੀ 7100) ਵੀ ਬਰਾਮਦ ਕਰ ਲਈ ਗਈ ਹੈ। ਅੰਮ੍ਰਿਤਪਾਲ ਨੇ ਪੁੱਛਗਿੱਛ ਦੌਰਾਨ ਹਾਦਸੇ ਦੀ ਗੱਲ ਕਬੂਲ ਕਰ ਲਈ ਹੈ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੁਲਿਸ ਅਨੁਸਾਰ, ਅੰਮ੍ਰਿਤਪਾਲ ਨੂੰ ਪੁਲਿਸ ਸਟੇਸ਼ਨ ਲਿਆਂਦਾ ਗਿਆ ਅਤੇ ਪੁੱਛਗਿੱਛ ਦੌਰਾਨ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਦੋਸ਼ੀ ਨੇ ਦੱਸਿਆ ਕਿ ਉਹ ਮੁਕੇਰੀਆ ਤੋਂ ਫ਼ੋਨ ਵੇਚ ਕੇ ਵਾਪਸ ਆ ਰਿਹਾ ਸੀ, ਅਤੇ ਜਦੋਂ ਉਹ ਬਿਆਸ ਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਵਿਅਕਤੀ ਨੂੰ ਉਸਦੀ ਕਾਰ ਨੇ ਟੱਕਰ ਮਾਰ ਦਿੱਤੀ। ਉਸਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਫੌਜਾ ਸਿੰਘ ਹੈ। ਜਦੋਂ ਦੇਰ ਰਾਤ ਮੀਡੀਆ ਵਿੱਚ ਇਹ ਖ਼ਬਰ ਆਈ ਤਾਂ ਉਸਨੂੰ ਇਸ ਹਾਦਸੇ ਦੀ ਗੰਭੀਰਤਾ ਦਾ ਅਹਿਸਾਸ ਹੋਇਆ।

ਦੋਸ਼ੀ ਅੰਮ੍ਰਿਤਪਾਲ ਸਿੰਘ ਢਿੱਲੋਂ ਜਲੰਧਰ ਦੇ ਕਰਤਾਰਪੁਰ ਦੇ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਉਹ ਜਲੰਧਰ ਨਹੀਂ ਆਇਆ ਸਗੋਂ ਪਿੰਡ-ਪਿੰਡ ਹੁੰਦਾ ਹੋਇਆ ਸਿੱਧਾ ਕਰਤਾਰਪੁਰ ਚਲਾ ਗਿਆ। ਪੁਲਿਸ ਨੇ ਉਸਨੂੰ ਕਰਤਾਰਪੁਰ ਸਥਿਤ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ।ਪੁਲਿਸ ਹੁਣ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਉਸਨੂੰ ਰਿਮਾਂਡ ‘ਤੇ ਲਵੇਗੀ ਤਾਂ ਜੋ ਹੋਰ ਜਾਂਚ ਕੀਤੀ ਜਾ ਸਕੇ। ਪੁਲਿਸ ਹੁਣ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਸਮੇਂ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਜਾਂ ਲਾਪਰਵਾਹੀ ਨਾਲ ਚਲਾਈ ਜਾ ਰਹੀ ਸੀ। ਫਿਲਹਾਲ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਕਾਰ ਦੀ ਬਰਾਮਦਗੀ ਨਾਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਅਤੇ ਪੁਲਿਸ ਇਸਨੂੰ ਇੱਕ ਵੱਡੀ ਸਫਲਤਾ ਮੰਨ ਰਹੀ ਹੈ।