ਦਫਤਰ ਖੁਲਦਿਆਂ ਹੀ ਨਗਰ ਨਿਗਮ ਦੇ ਮੇਅਰ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ – ਕੋਰੋਨਾ ਮਹਾਂਮਾਰੀ ਦੌਰਾਨ ਸੇਵਾ ਕਰ ਰਹੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਕੀਤਾ ਧੰਨਵਾਦ

ਨਿਊਜ਼ ਪੰਜਾਬ

ਲੁਧਿਆਣਾ , 19 ਮਈ – ਪੰਜਾਬ ਸਰਕਾਰ ਵਲੋਂ ਕਰਫਿਊ ਖਤਮ ਕਰਨ ਤੋਂ ਬਾਅਦ ਸਰਕਾਰੀ ਦਫਤਰ ਖੋਲ੍ਹਣ ਦੀ ਇਜ਼ਾਜ਼ਤ ਦੇਣ ਤੇ ਅੱਜ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਆਪਣੇ ਦਫਤਰ ਜ਼ੋਨ ਡੀ ਵਿਖੇ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ | ਮੇਅਰ ਦਫਤਰ ਦੇ ਮੀਡੀਆ ਅਧਿਕਾਰੀ ਹਰਪਾਲ ਸਿੰਘ ਨਿਮਾਣਾ ਦੀ ਸੂਚਨਾ ਅਨੁਸਾਰ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਨੇ ਸ਼ਹਿਰ ਵਿੱਚ ਚਲ ਰਹੇ ਵਿਕਾਸ ਕੰਮਾਂ ਦੀ ਰਿਪੋਰਟ ਲਈ , ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਸਰਕਾਰ ਵਲੋਂ ਉਸਾਰੀ ਦੇ ਕੰਮਾਂ ਦੀ ਇਜ਼ਾਜ਼ਤ ਮਿਲਦਿਆਂ ਹੀ ਸ਼ਹਿਰ ਵਿੱਚ ਰੁਕੇ ਹੋਏ ਵਿਕਾਸ ਕੰਮ ਮੁੜ੍ਹ ਸ਼ੁਰੂ ਕਰਵਾ ਦਿੱਤੇ ਸਨ | ਮੇਅਰ ਸੰਧੂ ਨੇ ਕਿਹਾ ਕਿ ਹੋਰ ਕੰਮਾਂ ਦੇ ਨਾਲ ਨਾਲ ਨਿਗਮ ਦੇ ਮੁਲਾਜ਼ਮ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਡਟੇ ਹੋਏ ਹਨ , ਉਨ੍ਹਾਂ ਕਿਹਾ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੇ ਹੁਕਮ ਤੇ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਭੇਜਣ ਲਈ ਨਗਰ ਨਿਗਮ ਦੇ ਮੁਲਾਜ਼ਮ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ | ਮੇਅਰ ਸੰਧੂ ਨੇ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਲੋਂ ਦਿੱਨ- ਰਾਤ ਕੀਤੀ ਜਾ ਰਹੀ ਸੇਵਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਨਗਰ ਨਿਗਮ ਸ਼ਹਿਰ  ਵਾਸੀਆਂ  ਦੀ ਸੇਵਾ ਤੋਂ ਪਿਛੇ ਨਹੀਂ ਹਟੇਗੀ |
 ਇਸ ਸਮੇ ਉਨ੍ਹਾਂ ਦੇ ਨਾਲ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਲੁਧਿਆਣਾ, ਡਾਕਟਰ ਜੈ ਪ੍ਰਕਾਸ਼, ਸੀਨੀਅਰ ਕੌਂਸਲਰ, ਸ੍ਰੀ ਸਨੀ ਭੱਲਾ ਕੌਸਲਰ ਅਤੇ ਸ੍ਰੀ ਅਸ਼ਵਨੀ ਸਹੋਤਾ,ਨੋਡਲ ਅਫਸਰ ਸਿਹਤ ਸ਼ਾਖਾ( ਜ਼ੋਨ ਏ ਅਤੇ ਬੀ ),ਨਗਰ ਨਿਗਮ ਲੁਧਿਆਣਾ ਵੀ ਮੌਜੂਦ ਸਨ।