ਭਾਰਤ ਦਾ ਪਾਕਿਸਤਾਨ ਨੂੰ ਇੱਕ ਹੋਰ ਝਟਕਾ,ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਡਾਕ ਤੇ ਪਾਰਸਲ ਸੇਵਾਵਾਂ’ਤੇ ਲਾਈ ਰੋਕ
ਨਿਊਜ਼ ਪੰਜਾਬ
3 ਮਈ 2025
ਭਾਰਤ ਨੇ ਪਾਕਿਸਤਾਨ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਡਾਕ ਅਤੇ ਪਾਰਸਲ ਸੇਵਾਵਾਂ ਨੂੰ ਰੋਕ ਦਿੱਤਾ ਹੈ। ਹੁਣ ਡਾਕ ਅਤੇ ਪਾਰਸਲ ਨਾ ਤਾਂ ਹਵਾਈ ਜਾਂ ਜ਼ਮੀਨੀ ਰਸਤੇ ਰਾਹੀਂ ਭੇਜੇ ਜਾ ਸਕਣਗੇ ਅਤੇ ਨਾ ਹੀ ਪ੍ਰਾਪਤ ਕੀਤੇ ਜਾ ਸਕਣਗੇ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਭਾਰਤ ਦੇ ਇਸ ਫ਼ੈਸਲੇ ਨਾਲ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ ‘ਤੇ ਪਵੇਗਾ ਜੋ ਦੋਹਾਂ ਦੇਸ਼ਾਂ ਵਿਚਾਲੇ ਪੱਤਰ ਵਿਹਾਰ, ਪਰਿਵਾਰਕ ਅਤੇ ਵਪਾਰਕ ਤੌਰ ‘ਤੇ ਨਿਰਭਰ ਹਨ। ਇਸ ਤੋਂ ਇਲਾਵਾ ਇਹ ਕਦਮ ਪਾਕਿਸਤਾਨ ਦੀ ਅਰਥਵਿਵਸਥਾ ‘ਤੇ ਵੀ ਅਸਰ ਪਾ ਸਕਦਾ ਹੈ, ਕਿਉਂਕਿ ਭਾਰਤ ਤੋਂ ਆਯਾਤ ਹੋਣ ਵਾਲੇ ਕੁਝ ਸਾਮਾਨਾਂ ਦਾ ਟਰਾਂਸਪੋਰਟ ਡਾਕ ਸੇਵਾਵਾਂ ਜ਼ਰੀਏ ਹੁੰਦਾ ਸੀ। ਦੱਸ ਦੇਈਏ ਕਿ ਭਾਰਤ ਨੇ ਅੱਜ ਪਾਕਿਸਤਾਨ ਖਿਲਾਫ਼ ਵੱਡੇ ਫ਼ੈਸਲੇ ਲਏ ਹਨ, ਜਿਨ੍ਹਾਂ ਵਿਚ ਸਾਰੇ ਪ੍ਰਕਾਰ ਦੇ ਆਯਾਤ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਝੰਡੇ ਵਾਲੇ ਸਮੁੰਦਰੀ ਜਹਾਜ਼ਾਂ ਦਾ ਭਾਰਤੀ ਬੰਦਰਗਾਹਾਂ ‘ਤੇ ਐਂਟਰੀ ਬੈਨ ਕਰ ਦਿੱਤੀ ਹੈ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਪਾਕਿਸਤਾਨ ਵਿਰੁੱਧ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਿਹਾ ਹੈ।