ਲੁਧਿਆਣਾਮੁੱਖ ਖ਼ਬਰਾਂਪੰਜਾਬ

ਅਕਾਲ’ ਫਿਲਮ ਦਾ ਸਿੱਖ ਜਥੇਬੰਦੀ ਵੱਲੋਂ  ਹੋ ਰਿਹਾ ਜ਼ਬਰਦਸਤ ਵਿਰੋਧ,ਮਾਲ ‘ਚ ਪਹੁੰਚ ਕੇ ਬੰਦ ਕਰਵਾਈ ਫਿਲਮ

ਨਿਊਜ਼ ਪੰਜਾਬ

ਲੁਧਿਆਣਾ ,11 ਅਪ੍ਰੈਲ 2025

ਪੰਜਾਬੀ ਫਿਲਮ ‘ਅਕਾਲ’ ਦਾ ਸਿੱਖ ਜਥੇਬੰਦੀ ਨੇ ਵਿਰੋਧ ਕੀਤਾ ਹੈ। ਵੀਰਵਾਰ ਨੂੰ ਨਿਹੰਗ ਸਿੰਘ ਫਿਰੋਜ਼ਪੁਰ ਰੋਡ ਦੇ ਇਕ ਮਾਲ ’ਚ ਪਹੁੰਚੇ ਤੇ ਫਿਲਮ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਫਿਲਮ ਨੂੰ ਬੰਦ ਵੀ ਕਰਵਾ ਦਿੱਤਾ। ਉੱਥੇ ਹੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀ ਅਤੇ ਸਟਾਫ਼ ਮੌਕੇ ‘ਤੇ ਪਹੁੰਚੇ।

ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਿੱਖ ਯੂਥ ਪਾਵਰ ਦੇ ਮੁਖੀ ਪ੍ਰਦੀਪ ਸਿੰਘ ਇਆਲੀ ਨੇ ਕਿਹਾ ਕਿ ਸਿੱਖਾਂ ਦੇ ਕਿਰਦਾਰਾਂ ‘ਤੇ ਬਣ ਰਹੀਆਂ ਫਿਲਮਾਂ ਨੂੰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਅਦਾਕਾਰ ਗਿੱਪੀ ਗਰੇਵਾਲ ਇੱਕ ਪਾਸੇ ਨਾਰਮਲ ਅਦਾਕਾਰੀ ਕਰਦੇ ਨਜ਼ਰ ਆਉਂਦੇ ਹਨ ਅਤੇ ਦੂਜੇ ਪਾਸੇ ਉਹ ਫਿਲਮ ਵਿੱਚ ਇੱਕ ਨਿਹੰਗ ਸਿੰਘ ਦੀ ਵਰਦੀ ਵਿੱਚ ਨਜ਼ਰ ਆ ਰਹੇ ਹਨ। ਬਾਣੇ ਦਾ ਰੂਪ ਬਦਲਣਾ ਧਰਮ ਦੇ ਵਿਰੁੱਧ ਹੈ।

ਕਈ ਫਿਲਮਾਂ ਵਿੱਚ ਗਿੱਪੀ ਗਰੇਵਾਲ ਕੁੜੀਆਂ ਨਾਲ ਨੱਚਦੇ ਹੁੰਦੇ ਹਨ ਅਤੇ ਹੁਣ ਉਨ੍ਹਾਂ ਨੇ ਫਿਲਮ ਵਿੱਚ ਬਾਣਾ ਪਾਇਆ ਹੋਇਆ ਹੈ। ਇਸ ਮੁੱਦੇ ‘ਤੇ ਅਸੀਂ ਵਿਰੋਧ ਕਰ ਰਹੇ ਹਾਂ। ਅਜਿਹੇ ਲੋਕ ਸਿੱਖਾਂ ਦੀ ਭੂਮਿਕਾ ਨਹੀਂ ਨਿਭਾ ਸਕਦੇ। ਸਿੱਖਾਂ ਦੇ ਕੋਲ ਸ਼ਹੀਦੀ ਸਥਾਨ ਹਨ। ਇਹ ਸਿੱਖਾਂ ਦਾ ਇਤਿਹਾਸ ਹੈ, ਲੋਕਾਂ ਨੂੰ ਇਸਨੂੰ ਪੜ੍ਹਨਾ ਚਾਹੀਦਾ ਹੈ। ਅੱਜ ਇਹ ਪ੍ਰਦਰਸ਼ਨ ਲਗਭਗ ਹਰ ਜਗ੍ਹਾ ਹੋ ਰਹੇ ਹਨ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਫਿਲਮ ਨੂੰ ਬਣਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ।

ਦੱਸ ਦਈਏ ਕਿ ਅੱਜ ਗਿੱਪੀ ਗਰੇਵਾਲ ਦੀ ਮੂਵੀ ਅਕਾਲ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ ਅਤੇ ਫਿਲਮ ਸਿੱਖਾਂ ਦੇ ਇਤਿਹਾਸ ‘ਤੇ ਬਣੀ ਹੈ ਜਿਸ ਵਿੱਚ ਕਿਰਦਾਰਾਂ ਨੇ ਨਿਹੰਗ ਸਿੰਘ ਦੀ ਵਰਦੀ ਪਾਈ ਹੋਈ ਹੈ ਅਤੇ ਦਸਤਾਰਾਂ ਵੀ ਸਜਾਈਆਂ ਹਨ, ਉੱਥੇ ਹੀ ਜਦੋਂ ਅੱਜ ਲੋਕ ਇਸ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਲਈ ਗਏ ਤਾਂ ਨਿਹੰਗ ਸਿੰਘਾਂ ਨੇ ਆ ਕੇ ਇਸ ਦਾ ਵਿਰੋਧ ਕੀਤਾ ਅਤੇ ਫਿਲਮ ਬੰਦ ਕਰਨ ਦੀ ਬੇਨਤੀ ਕੀਤੀ ਕਿਹਾ ਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।