ਮੁੱਖ ਖ਼ਬਰਾਂਪੰਜਾਬ

ਸਰਵਣ ਸਿੰਘ ਪੰਧੇਰ ਸਮੇਤ ਹੋਰ ਕਿਸਾਨ ਆਗੂ ਜੇਲ੍ਹ ਤੋਂ ਆਏ ਬਾਹਰ ;ਕਿਸਾਨ ਮੋਰਚੇ ਵਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਜਾਰੀ

ਨਿਊਜ਼ ਪੰਜਾਬ

28 ਮਾਰਚ 2025

ਕਿਸਾਨ ਮਜ਼ਦੂਰ ਮੋਰਚਾ (SKM) ਦੇ ਕਨਵੀਨਰ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ ਅਤੇ ਪੰਜਾਬ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਗਏ ਕਈ ਕਿਸਾਨਾਂ ਨੂੰ 8 ਦਿਨਾਂ ਬਾਅਦ ਵੀਰਵਾਰ ਦੇਰ ਰਾਤ ਪਟਿਆਲਾ ਅਤੇ ਮੁਕਤਸਰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਉੱਥੇ ਹੀ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਅੱਜ (ਸ਼ੁੱਕਰਵਾਰ) ਐੱਸ.ਕੇ.ਐੱਮ ਵੱਲੋਂ ਕਿਸਾਨਾਂ ਨੂੰ ਹਿਰਾਸਤ ‘ਚ ਲਏ ਜਾਣ ਦੇ ਵਿਰੋਧ ‘ਚ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਪੰਜਾਬ ‘ਚ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਸਵੇਰੇ 11 ਵਜੇ ਤੋਂ 3 ਵਜੇ ਤੱਕ ਕਿਸਾਨ ਡੀਸੀ ਨੂੰ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਣਗੇ।

ਜੇਲ੍ਹ ਤੋਂ ਬਾਹਰ ਆ ਕੇ ਸਰਵਣ ਸਿੰਘ ਪੰਧੇਰ ਨੇ ਕਿਹਾ, ‘ਮੈਂ ਪਟਿਆਲੇ ਦੇ ਬਹਾਦਰਗੜ੍ਹ ਕਿਲ੍ਹੇ ਵਿੱਚ ਜਾਵਾਂਗਾ। ਉਥੇ ਆਪਣੇ ਸਾਥੀ ਕਿਸਾਨਾਂ ਨਾਲ ਗੱਲਬਾਤ ਕਰਨਗੇ। ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਸਰਕਾਰ ਵੱਲੋਂ ਆਪਣਾ ਸਟੈਂਡ ਹਟਾਏ ਜਾਣ ਦੀ ਅਸੀਂ ਸਖ਼ਤ ਨਿਖੇਧੀ ਕਰਾਂਗੇ। ਅੱਜ ਅਸੀਂ ਅਗਲੇ ਪ੍ਰੋਗਰਾਮ ਬਾਰੇ ਸਾਥੀ ਕਿਸਾਨਾਂ ਨਾਲ ਗੱਲਬਾਤ ਕਰਾਂਗੇ। ਖਨੌਰੀ ਅਤੇ ਸ਼ੰਭੂ ਜਾ ਕੇ ਹਾਲਾਤਾਂ ਦਾ ਜਾਇਜ਼ਾ ਵੀ ਲੈਣਗੇ।

ਕਿਸਾਨ ਮਜ਼ਦੂਰ ਮੋਰਚਾ ਅਤੇ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਰੇ ਕਿਸਾਨ ਆਗੂ ਐਸਕੇਐਮ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ। 31 ਮਾਰਚ ਨੂੰ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਹਰਭਜਨ ਸਿੰਘ ਈਟੀਓ ਅਤੇ ਕੁਲਦੀਪ ਸਿੰਘ ਧਾਲੀਵਾਲ ਦਾ ਅੰਮ੍ਰਿਤਸਰ ਵਿੱਚ ਘਿਰਾਓ ਕੀਤਾ ਜਾਵੇਗਾ।ਇਸ ਦੌਰਾਨ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਸਾਰੇ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਕਿਸਾਨਾਂ ਤੋਂ ਜ਼ਬਤ ਕੀਤੀਆਂ ਟਰਾਲੀਆਂ ਦਾ ਸਰਕਾਰ ਮੁਆਵਜ਼ਾ ਦੇਵੇ। ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਮੰਨੇ ਜਾਣ ਤੱਕ ਇਹ ਅੰਦੋਲਨ ਜਾਰੀ ਰਹੇਗਾ।