ਉੱਤਰੀ ਭਾਰਤ ਲਈ ਗਰਮ ਚੇਤਾਵਨੀ : ਜੁਲਾਈ ਤੱਕ ਗਰਮ ਹਵਾਵਾਂ ਦੇ ਘੇਰੇ ਵਿੱਚ ਦੇਸ਼ ਦੇ 20 ਸੂਬੇ – ਕੇਂਦਰ ਸਰਕਾਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ – ਇਕੱਠਾਂ ਸਮੇਤ ਕਈ ਪਾਬੰਦੀਆਂ ਲਾਗੂ
ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਦੇ 20 ਤੋਂ ਵੱਧ ਰਾਜਾਂ ਨੂੰ ਮਾਰਚ ਤੋਂ ਜੁਲਾਈ ਤੱਕ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਸਰਕਾਰ ਨੇ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਸਾਰੇ ਰਾਜਾਂ ਨੂੰ ਇੱਕ ਪੱਤਰ ਭੇਜ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬਿਜਲੀ ਸਪਲਾਈ ਅਤੇ ਫਸਲਾਂ ਦੇ ਪ੍ਰਭਾਵਿਤ ਹੋਣ ਸੰਭਾਵਨਾ ਹੈ ।
ਮੌਸਮ ਵਿਭਾਗ ਵੱਲੋਂ ਇਸ ਸਾਲ ਸਖ਼ਤ ਗਰਮੀ ਦੀ ਭਵਿੱਖਬਾਣੀ ਤੋਂ ਬਾਅਦ, ਕੇਂਦਰ ਨੇ ਜਨਤਕ ਸਮਾਗਮਾਂ ਸੰਬੰਧੀ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਇਸ ਤਹਿਤ, ਕਿਸੇ ਵੀ ਧਾਰਮਿਕ, ਸਰਕਾਰੀ, ਰਾਜਨੀਤਿਕ ਜਾਂ ਕਿਸੇ ਹੋਰ ਵੱਡੇ ਜਨਤਕ ਸਮਾਗਮ ਦੌਰਾਨ ਪ੍ਰਤੀ ਵਿਅਕਤੀ ਦੋ ਲੀਟਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ। ਇਹ ਨਿਯਮ ਆਉਣ ਵਾਲੇ ਜੁਲਾਈ ਮਹੀਨੇ ਤੱਕ ਲਾਗੂ ਰਹਿਣਗੇ।
ਕੇਂਦਰ ਨੇ ਇਸ ਸਬੰਧ ਵਿੱਚ ਸਾਰੇ ਰਾਜਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਸਿਹਤ ਸਕੱਤਰ ਪੁਣਯ ਸਲੀਲਾ ਸ਼੍ਰੀਵਾਸਤਵ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਵਧਣ ਕਾਰਨ ਗਰਮ ਹਵਾਵਾਂ ਅਤੇ ਤੇਜ਼ ਗਰਮੀ ਦਾ ਅਨੁਭਵ ਹੋ ਰਿਹਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਦੇ 20 ਤੋਂ ਵੱਧ ਰਾਜਾਂ ਨੂੰ ਮਾਰਚ ਤੋਂ ਜੁਲਾਈ ਤੱਕ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਵੇਗਾ।
ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਇਸ ਮੌਸਮੀ ਪ੍ਰਭਾਵ ਤੋਂ ਬਚਾਉਣ ਲਈ, ਸਾਰੇ ਸਿਹਤ ਕੇਂਦਰਾਂ ਦੇ ਪ੍ਰਬੰਧਾਂ ਦੀ ਤੁਰੰਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਮੇਂ ਦੌਰਾਨ ਜਨਤਕ ਪ੍ਰੋਗਰਾਮਾਂ ਨੂੰ ਨਿਰਧਾਰਤ ਨਿਯਮਾਂ ਦੇ ਤਹਿਤ ਹੀ ਆਯੋਜਿਤ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।
ਦਿਨ ਵਿੱਚ ਸਭ ਤੋਂ ਗਰਮ ਸਮਾਂ ਕਦੋਂ
ਰਾਜਾਂ ਨੂੰ ਇਹ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ ਕਿ ਮਾਰਚ ਤੋਂ ਮਈ ਅਤੇ ਜੂਨ ਤੱਕ, ਹਰ ਰੋਜ਼ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿਚਕਾਰ ਸੂਰਜ ਜਾਂ ਗਰਮੀ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚੋ। ਕਿਉਂਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਦਿਨ ਦਾ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ।
ਇਕੱਠ ਕਰਨ ਤੇ ਕਰਨਾ ਪਵੇਗਾ ਪ੍ਰਬੰਧ
ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵੱਡੇ ਸਮਾਗਮਾਂ ਵਿੱਚ, ਹਰ 500 ਲੋਕਾਂ ਲਈ ਘੱਟੋ-ਘੱਟ ਇੱਕ ਪਾਣੀ ਦਾ ਸਟਾਲ ਹੋਣਾ ਚਾਹੀਦਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਇੱਕ ਵਿਅਕਤੀ ਨੂੰ ਦਿਨ ਭਰ ਵਿੱਚ ਘੱਟੋ-ਘੱਟ ਚਾਰ ਲੀਟਰ ਪਾਣੀ ਪੀਣਾ ਚਾਹੀਦਾ ਹੈ।
125 ਸਾਲਾਂ ਵਿੱਚ ਇੰਨੀ ਗਰਮੀ ਨਹੀਂ ਪਈ।
ਦਰਅਸਲ, ਭਾਰਤੀ ਮੌਸਮ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਿਛਲੇ 125 ਸਾਲਾਂ ਵਿੱਚ, ਇਸ ਸਾਲ ਫਰਵਰੀ ਵਿੱਚ ਜਿੰਨੀ ਗਰਮੀ ਦਰਜ ਕੀਤੀ ਗਈ ਸੀ, ਓਨੀ ਕਦੇ ਨਹੀਂ ਹੋਈ।
ਦਿਸ਼ਾ-ਨਿਰਦੇਸ਼ਾਂ ਵਿੱਚ ਭੀੜ-ਭੜੱਕੇ ਵਾਲੇ ਸਮਾਗਮਾਂ ਵਿੱਚ ਮੈਡੀਕਲ ਟੀਮਾਂ ਦੀ ਤਾਇਨਾਤੀ ਨੂੰ ਲਾਜ਼ਮੀ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ORS ਘੋਲ ਤੋਂ ਲੈ ਕੇ ਆਈਸ ਪੈਕ ਤੱਕ ਹਰ ਚੀਜ਼ ਨਾਲ ਲੈਸ ਹੋਣਾ ਚਾਹੀਦਾ ਹੈ। ਰਾਜਾਂ ਨੂੰ ਭੇਜੇ ਗਏ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਿਹਤ ਕੇਂਦਰ ਵਿੱਚ ਇੱਕ ਕੂਲਿੰਗ ਸਿਸਟਮ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਗਰਮੀ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਤਾਪਮਾਨ ਨੂੰ ਤੁਰੰਤ ਹੇਠਾਂ ਲਿਆਂਦਾ ਜਾ ਸਕੇ।
ਤਸਵੀਰਾਂ ਅਤੇ ਵੇਰਵਾ : ਮੌਸਮ ਵਿਭਾਗ / X / ਦੇ ਧੰਨਵਾਦ ਸਹਿਤ