ਸ਼੍ਰੋਮਣੀ ਅਕਾਲੀ ਦਲ ਦੀ ਭਰਤੀ : ਜਿਲ੍ਹਾ ਮਲੇਰਕੋਟਲਾ ਦੀ ਧਰਤੀ ਤੇ ਹੋਈ ਭਰਤੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
ਨਿਊਜ਼ ਪੰਜਾਬ
ਮਲੇਰਕੋਟਲਾ 24 ਮਾਰਚ – ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਜ਼ਿਲ੍ਹਾ ਵਾਰ ਮੀਟਿੰਗ ਦੀ ਅਰੰਭਤਾ ਮੌਕੇ ਜਿਲ੍ਹਾ ਮਲੇਰਕੋਟਲਾ ਦੀ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ। ਭਰਤੀ ਕਮੇਟੀ ਮੈਂਬਰ ਸਰਦਾਰ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਮਲੇਰਕੋਟਲਾ ਦੇ ਦੋ ਹਲਕਿਆਂ ਤੋਂ ਹੀ ਆਏ ਵਰਕਰਾਂ ਨੇ ਸਾਬਿਤ ਕੀਤਾ ਕਿ, ਪੂਰੇ ਪੰਜਾਬ ਅੰਦਰ ਭਰਤੀ ਲਈ ਹਰ ਵਰਗ ਵਿੱਚ ਜੋਸ਼ ਹੈ। ਵੱਡੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੇ ਅਕਾਲੀ ਸੋਚ ਦੇ ਹਿਤੈਸ਼ੀ ਵਰਕਰਾਂ ਦਾ ਠਾਂਠਾ ਮਾਰਦੇ ਇਕੱਠ ਨੇ ਭਰਤੀ ਕਮੇਟੀ ਦੇ ਮੈਬਰਾਂ ਦੀ ਹੌਸਲਾ ਅਫਜਾਈ ਕੀਤੀ।
ਸਰਦਾਰ ਇਕਬਾਲ ਸਿੰਘ ਝੂੰਦਾ ਨੇ ਦੋਹਾਂ ਹਲਕਿਆਂ ਅਮਰਗੜ੍ਹ ਅਤੇ ਮਾਲੇਰਕੋਟਲਾ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜਿਹੜੀ ਤਾਕਤ ਮੀਟਿੰਗ ਦਾ ਹਿੱਸਾ ਬਣ ਕੇ ਨਿਮਾਣੇ ਨੂੰ ਮਾਣ ਬਖਸ਼ਿਆ ਹੈ, ਉਸ ਨੇ ਮੋਹਰ ਲਗਾ ਦਿੱਤੀ ਹੈ ਕਿ ਹਰ ਵਰਕਰ ਦੀ ਪ੍ਰਬਲ ਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ, ਇਸ ਲਈ ਜਿਹੜੀ ਜ਼ਿਮੇਵਾਰੀ ਓਹਨਾਂ ਨੂੰ ਮਿਲੀ ਹੈ, ਉਸ ਨੂੰ ਓਹ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਕੀਮਤ ਤੇ ਵਰਕਰਾਂ ਦਾ ਭਰੋਸਾ ਨਹੀਂ ਟੁੱਟਣ ਦੇਣਗੇ।
ਇਸ ਮੀਟਿੰਗ ਦਾ ਖਾਸ ਤੌਰ ਤੇ ਹਿੱਸਾ ਬਣੇ ਪੰਥ ਦੀ ਬਹੁਤ ਹੀ ਸਤਿਕਾਰਿਤ ਸਖਸ਼ੀਅਤ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ਅੱਜ ਸਾਨੂੰ ਆਪਣੀ ਸਿਆਸੀ ਵਿਰਾਸਤ ਨੂੰ ਨਾ ਸਿਰਫ ਸਾਂਭ ਕੇ ਰੱਖਣ ਦੀ ਲੋੜ ਹੈ ਸਗੋ ਇਸ ਨੂੰ ਮਜ਼ਬੂਤ ਕਰਨ ਦਾ ਬੀੜਾ ਨੌਜਵਾਨ ਵਰਗ ਉਠਾਉਣਾ ਪਵੇਗਾ। ਇਸ ਲਈ ਓਹਨਾ ਸਮੁੱਚੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਅੱਜ ਸਹੀ ਸਮਾਂ ਵੀ ਤੁਹਾਡੇ ਕੋਲ ਹੈ ਅਤੇ ਸਹੀ ਅਗਵਾਈ ਕਰਨ ਵਾਲੇ ਵਾਲੇ ਤੁਹਾਡੇ ਕੋਲ ਹਨ, ਇਸ ਲਈ ਉਦਮ ਕਰਕੇ ਪੰਜਾਬ ਨੂੰ ਬਚਾਉਣ ਲਈ ਉਸ ਦੇ ਸੁਰੱਖਿਆ ਕਵਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅੱਗੇ ਆਓ।
ਸਾਬਕਾ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ, ਓਹਨਾ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਧਰਤੀ ਤੇ ਓਹਨਾ ਨੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ, ਅੱਜ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਇਕੱਠੀ ਹੋਈ ਵਰਕਰਾਂ ਦੀ ਫੁਲਵਾੜੀ ਨੇ ਦਿਲ ਨੂੰ ਤਸੱਲੀ ਦਿੱਤੀ ਹੈ ਕਿ ਵਰਕਰ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ। ਸਰਦਾਰ ਢੀਂਡਸਾ ਨੇ ਕਿਹਾ ਕਿ, ਓਹਨਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਘਰ ਘਰ ਜਾਕੇ ਭਰਤੀ ਮੁਹਿੰਮ ਦਾ ਹਿੱਸਾ ਬਣਨ ਲਈ ਅਕਾਲੀ ਹਿਤੈਸ਼ੀ ਸੋਚ ਰੱਖਣ ਵਾਲੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਤਾਂ ਜੋ ਪੰਥ ਅਤੇ ਪੰਜਾਬ ਦੀ ਨੁਮਾਇਦਾ ਜਮਾਤ ਨੂੰ ਮਜ਼ਬੂਤ ਕੀਤਾ ਜਾ ਸਕੇ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਰੈਲੀ ਰੂਪੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਅੱਜ ਪੂਰੀ ਦੁਨੀਆਂ ਵਿੱਚ ਸਿੱਖ ਕੌਮ ਨੇ ਖੂਬ ਤਰੱਕੀ ਕੀਤੀ ਹੈ। ਵਿਦੇਸ਼ਾਂ ਵਿੱਚ ਰਾਜਨੀਤਿਕ ਖੇਤਰ, ਸਮਾਜਿਕ ਖੇਤਰ ਅਤੇ ਆਰਥਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ । ਸਰਦਾਰ ਇਯਾਲੀ ਨੇ ਕਿਹਾ ਕਿ ਸਾਡੇ ਲਈ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ, ਪੰਥ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਮਸੀਹਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਆਪਣੀ ਜਨਮ ਭੂਮੀ ਤੇ ਪਕੜ ਗੁਆ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਮਜੋਰ ਪਈ ਪਕੜ ਦੇ ਕਾਰਨ ਸੂਬੇ ਨੂੰ ਨਾ ਸਿਰਫ ਰਾਜਨੀਤਿਕ ਤੌਰ ਤੇ ਘਾਟਾ ਪਿਆ, ਸਗੋ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਜਿਸ ਨੇ ਸਮੇਂ ਸਮੇਂ ਤੇ ਦੇਸ਼ ਵਿੱਚ ਹੋਏ ਅੰਦੋਲਨਾਂ ਦੀ ਅਗਵਾਈ ਕੀਤੀ, ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਲੜੀ, ਮਨੁੱਖੀ ਅਧਿਕਾਰ ਵਰਗੇ ਮਸਲਿਆਂ ਤੇ ਅਵਾਜ ਚੁੱਕੀ, ਦੇਸ਼ ਦੀ ਆਰਥਿਕ ਸਥਿਤੀ ਨੂੰ ਸੰਭਾਲਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ, ਅੱਜ ਸਾਡੀ ਸਿਆਸੀ ਜਮਾਤ ਆਪਣੀ ਹੋਂਦ ਦੀ ਲੜਾਈ ਲੜਨ ਲਈ ਮਜਬੂਰ ਹੈ।
ਜੱਥੇਦਾਰ ਸਰਦਾਰ ਸੰਤਾ ਸਿੰਘ ਉਮੈਦਪੁਰ ਨੇ ਅਕਾਲੀ ਹਿਤੈਸ਼ੀ ਵਰਕਰਾਂ ਦੇ ਨਾਮ ਸੁਨੇਹਾ ਦਿੰਦੇ ਕਿਹਾ ਕਿ, ਹਰ ਅਕਾਲੀ ਸੋਚ ਨੂੰ ਸਮਰਪਿਤ ਵਰਕਰ, ਆਗੂ ਅੱਗੇ ਆਕੇ ਸਮਰਪਿਤ ਭਾਵਨਾ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਵੇ। ਓਹਨਾ ਕਿਹਾ ਕਿ ਇਹ ਸਿਆਸੀ ਸੰਕਟ ਦਾ ਸਮਾਂ ਨਾ ਹੋਕੇ ਮਜ਼ਬੂਤੀ ਕਰਨ ਅਤੇ ਪੁਨਰ ਸੁਰਜੀਤ ਲਈ ਢੁੱਕਵਾਂ ਸਮਾਂ ਹੈ।
ਭਰਤੀ ਕਮੇਟੀ ਮੈਬਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ,ਅੱਜ ਪੂਰਾ ਪੰਜਾਬ ਉਠ ਖੜਾ ਹੋਇਆ ਹੈ। ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਤੇ ਧਾੜਵੀ ਹਮਲਾ ਬੋਲ ਰਹੇ ਹਨ। ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਇਸ ਕਰਕੇ ਪੰਜਾਬ ਦੀ ਆਪਣੀ ਸਿਆਸੀ ਜਮਾਤ ਦਾ ਮਜ਼ਬੂਤ ਹੋਣਾ ਬੇਹੱਦ ਲਾਜ਼ਮੀ ਹੈ, ਜਿਸ ਲਈ ਪੰਜ ਮੈਂਬਰੀ ਭਰਤੀ ਕਮੇਟੀ ਹਰ ਬੂਥ ਤੱਕ ਜਾ ਰਹੀ ਹੈ। ਮਿਲ ਰਹੇ ਸਮਰਥਨ ਤੇ ਬੋਲਦਿਆਂ ਸਰਦਾਰ ਵਡਾਲਾ ਨੇ ਕਿਹਾ ਕਿ, 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਨੀਂਹ ਰੱਖੀ ਗਈ ਸੀ, ਜਿਸ ਤੋਂ ਬਾਅਦ ਹਰ ਰੋਜ ਮਿਲਦੇ ਪਿਆਰ ਨੇ ਓਹਨਾ ਨੇ ਹੌਸਲੇ ਹੋਰ ਬੁਲੰਦ ਕੀਤੇ ਹਨ।
ਸਰਦਾਰ ਇਯਾਲੀ ਨੇ ਪੰਜਾਬ ਦੇ ਹਰ ਵਰਗ ਤੋਂ ਮਿਲ ਰਹੇ ਹੁੰਗਾਰੇ ਲਈ ਜਿੱਥੇ ਧੰਨਵਾਦ ਕੀਤਾ ਉਥੇ ਹੀ ਸਰਦਾਰ ਰਵੀਇੰਦਰ ਸਿੰਘ ਜੀ ਦਾ ਖਾਸ ਧੰਨਵਾਦ ਕੀਤਾ, ਜਿਹਨਾਂ ਨੇ ਬੀਤੇ ਦਿਨ ਅਕਾਲੀ ਦਲ 1920 ਨੂੰ ਮਰਜ ਕਰਦਿਆਂ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਭਰਤੀ ਦੀ ਆਰੰਭਤਾ ਕੀਤੀ। ਸਰਦਾਰ ਇਯਾਲੀ ਨੇ ਕਿਹਾ ਕਿ,ਬੇਸ਼ਕ ਓਹਨਾ ਸਮੇਤ ਓਹਨਾ ਦੇ ਸਾਥੀਆਂ ਦੀਆਂ ਕੁਝ ਲੋਕਾਂ ਵਲੋ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਓਹਨਾ ਨੂੰ ਇਸ ਗੱਲ ਦੀ ਪੂਰਨ ਭਰੋਸਾ ਹੈ ਕਿ ਅਵਾਮ ਲਈ ਉੱਠਦੇ ਕਦਮਾਂ ਨੂੰ ਹਰ ਮੋੜ ਤੇ ਇਮਤਿਹਾਨਾਂ ਵਿੱਚੋ ਗੁਜਰਨਾ ਪੈਂਦਾ ਹੈ, ਜਿਸ ਲਈ ਉਹ ਹਮੇਸ਼ਾ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਹਨ। ਸਰਦਾਰ ਇਯਾਲੀ ਨੇ ਕਿਹਾ ਕਿ, ਓਹਨਾ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਪੰਜਾਬ ਦਾ ਹਰ ਵਰਗ ਓਹਨਾ ਤੱਕ ਪਹੁੰਚ ਕਰ ਰਿਹਾ ਹੈ।
ਸਰਦਾਰ ਇਯਾਲੀ ਨੇ ਖਾਸ ਤੌਰ ਤੇ ਓਹਨਾ ਅਕਾਲੀ ਹਿਤੈਸ਼ੀ ਸੋਚ ਦੇ ਲੋਕਾਂ ਤੋਂ ਮੁਆਫੀ ਮੰਗੀ ਜਿਹਨਾ ਨੇ ਜਾਰੀ ਕੀਤੇ ਨੰਬਰ ਤੇ ਭਰਤੀ ਲਈ ਕਾਪੀਆਂ ਦੀ ਮੰਗ ਕੀਤੀ, ਪਰ ਏਨੀ ਵੱਡੀ ਗਿਣਤੀ ਵਿੱਚ ਮਿਲੇ ਜਨ ਸਮਰਥਨ ਕਰਕੇ ਹਰ ਕਾਲ ਦਾ ਜਵਾਬ ਦੇਣ ਲਈ ਸਮਾਂ ਲੱਗ ਰਿਹਾ ਹੈ।