ਮੁੱਖ ਖ਼ਬਰਾਂਭਾਰਤ

ਸ਼ੰਭੂ-ਖਨੌਰੀ ਬਾਰਡਰ ਐਕਸ਼ਨ ‘ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ 3 FIR ਹੋਈਆਂ ਦਰਜ

ਨਿਊਜ਼ ਪੰਜਾਬ

24 ਮਾਰਚ 2025

19 ਮਾਰਚ ਨੂੰ ਪੁਲਿਸ ਵੱਲੋਂ ਵੱਡਾ ਐਕਸ਼ਨ ਕਰਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਨੂੰ ਖਾਲੀ ਕਰਵਾਇਆ ਗਿਆ ਸੀ। ਜਿਸ ਦੇ ਚੱਲਦੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹੁਣ ਪੁਲਿਸ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਹੈ। ਆਈ ਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਬਾਰਡਰਾਂ ਤੋਂ ਕਿਸਾਨਾ ਦਾ ਸਮਾਨ ਜੋ ਚੋਰੀ ਹੋਇਆ ਇਸ ਮਾਮਲੇ ਵਿੱਚ 3 ਐਫਆਈਆਰ ਦਰਜ ਕੀਤੀਆ ਹਨ।

ਪੁਲਿਸ ਐਕਸ਼ਨ ਵਿੱਚ 1400 ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਜਿਨ੍ਹਾਂ ਵਿੱਚੋਂ 800 ਕਿਸਾਨ ਰਿਹਾਅ ਕੀਤੇ ਗਏ ਹਨ। 60 ਸਾਲ ਤੋ ਵੱਧ ਉਮਰ ਦੀਆਂ ਔਰਤਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਹੈ। 450 ਕਿਸਾਨਾਂ ਨੂੰ ਅੱਜ ਛੱਡਿਆ ਜਾ ਰਿਹਾ ਹੈ।ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਸਾਨਾਂ ਦਾ ਸਾਮਨ ਜੋ ਚੋਰੀ ਹੋ ਰਿਹਾ ਹੈ ਉਸ ਉੱਤੇ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ । ਇਸ ਮਾਮਲੇ ਤੇ 3 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇੱਕ ਹੈਲਪਲਾਈਨ ਨੰਬਰ 90713-00002 ਵੀ ਜਾਰੀ ਕੀਤਾ। ਕਿਸਾਨ ਇਸ ਫੋਨ ਨਬੰਰ ਉੱਤੇ ਸੰਪਰਕ ਕਰ ਸਕਦੇ ਹਨ। ਆਪਣੇ ਸਮਾਨ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹਨ।

ਦੱਸ ਦਈਏ ਸਮਾਨ ਚੋਰੀਆਂ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਰਸੋਈ ਦੇ ਸਮਾਨ ਤੋ ਲੈ ਕੇ ਫਰਿਜ, ਕੂਲਰ, ਪੱਖੇ, ਏਸੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਮਾਨ ਕਿਸਾਨਾਂ ਵੱਲੋਂ ਰੱਖਿਆ ਗਿਆ ਸੀ। ਪਰ ਜਿਵੇਂ ਹੀ ਪੁਲਿਸ ਵੱਲੋਂ ਥਾਂ ਖਾਲੀ ਕਰਵਾ ਲਈ ਤਾਂ ਕੁਝ ਲੋਕਾਂ ਨੇ ਇਸਦਾ ਫਾਇਦਾ ਚੁੱਕਦੇ ਹੋਏ, ਉਥੇ ਪਿਆ ਸਮਾਨ ਚੁੱਕ ਕੇ ਲੈ ਗਏ। ਹਾਲਾਂਕਿ, ਮੋਰਚੇ ਦੇ ਦੋਵੇ ਪਾਸੇ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ ਅਤੇ ਕਿਸੇ ਨੂੰ ਵੀ ਮੋਰਚੇ ਵਾਲੀ ਥਾਂ ਤੇ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਇਸਦੇ ਬਾਵਜੂਦ ਇਧਰੋਂ ਉਧਰੋਂ ਮੋਰਚੇ ਵਾਲੀ ਥਾਂ ‘ਤੇ ਪੁੱਜੇ ਲੋਕ ਸਾਮਾਨ ਚੁੱਕ ਕੇ ਲੈ ਗਏ।