ਮੁੱਖ ਖ਼ਬਰਾਂਪੰਜਾਬ

31 ਮਾਰਚ 2025 ਤੱਕ ਪ੍ਰਾਪਰਟੀ ਟੈਕਸ ਦਾ ਬਕਾਇਆ ਨਾ ਭਰਨ ਵਾਲੇ ਯੂਨਿਟਾਂ ਨੂੰ ਸੀਲ ਕਰਨ ਲਈ 10 ਸੀਲਿੰਗ ਟੀਮਾਂ ਦਾ ਵੀ ਗਠਨ

ਨਿਊਜ਼ ਪੰਜਾਬ

ਪਟਿਆਲਾ, 25 ਮਾਰਚ 2025

ਨਗਰ ਨਿਗਮ ਪਟਿਆਲਾ ਨੇ ਅੱਜ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸੀਲਿੰਗ ਦੀ ਕਾਰਵਾਈ ਅਮਲ ਵਿੱਚ ਲਿਆਂਦੀ। ਇਸੇ ਦੌਰਾਨ ਨਿਗਮ ਨੇ 31 ਮਾਰਚ 2025 ਤੱਕ ਪ੍ਰਾਪਰਟੀ ਟੈਕਸ ਦਾ ਬਕਾਇਆ ਨਾ ਭਰਨ ਵਾਲੇ ਯੂਨਿਟਾਂ ਨੂੰ ਸੀਲ ਕਰਨ ਲਈ ਵੱਖੋ-ਵੱਖਰੀਆ 10 ਸੀਲਿੰਗ ਟੀਮਾਂ ਦਾ ਵੀ ਗਠਨ ਕੀਤਾ ਹੈ।

ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਅਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਅਗਵਾਈ ਵਿੱਚ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਸੀਲਿੰਗ ਮੁਹਿੰਮ ਦੌਰਾਨ ਭੁਪਿੰਦਰਾ ਰੋਡ ਵਿਖੇ ਗੁਰਸੇਵਕ ਸਿੰਘ, ਸਾਈਂ ਮਾਰਕੀਟ ਵਿਖੇ ਐਸ.ਸੀ.ਓ 12 ਅਤੇ ਸੰਤ ਨਗਰ ਵਿਖੇ ਸੁਖਵਿੰਦਰ ਸਿੰਘ ਦੇ ਯੂਨਿਟਾਂ ਨੂੰ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕਰਨ ਕਰਕੇ ਸੀਲ ਕੀਤਾ।

ਇਹ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਨੇ ਦੱਸਿਆ ਕਿ ਅਰਨਾ ਬਰਨਾਂ ਚੌਂਕ, ਬੁੱਕ ਮਾਰਕੀਟ ਵਿਖੇ ਸਥਿਤ ਵੱਖੋ-ਵੱਖਰੇ ਤਿੰਨ ਯੂਨਿਟਾਂ ਵੱਲੋਂ ਮੌਕੇ ‘ਤੇ ਹੀ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦੀ ਅਦਾਇਗੀ ਟੀਮ ਨੂੰ ਕਰਕੇ ਸੀਲਿੰਗ ਕਾਰਵਾਈ ਤੋਂ ਬਚਿਆ ਗਿਆ। ਅੱਜ ਦੀ ਸੀਲਿੰਗ ਮੁਹਿੰਮ ਦੌਰਾਨ ਪ੍ਰਾਪਰਟੀ ਟੈਕਸ ਸੁਪਰਡੰਟ ਸੁਨੀਲ ਗੁਲਾਟੀ ਇੰਸਪੈਕਟਰ, ਨਵਦੀਪ ਸ਼ਰਮਾ ਇੰਸਪੈਕਟਰ, ਜਸਕੀਰਤ ਕੌਰ ਇੰਸਪੈਕਟਰ ਅਤੇ ਸਰਬਜੀਤ ਕੌਰ ਇੰਸਪੈਕਟਰ ਸ਼ਾਮਿਲ ਸਨ। ਇਸ ਤੋਂ ਇਲਾਵਾ ਨਗਰ ਨਿਗਮ ਪਟਿਆਲਾ ਦਾ ਸਮੂਹ ਪੁਲਿਸ ਸਟਾਫ ਵੀ ਸਾਰੀ ਮੁਹਿੰਮ ਦੇ ਦੌਰਾਨ ਪ੍ਰਾਪਰਟੀ ਟੈਕਸ ਟੀਮ ਦੇ ਨਾਲ ਰਿਹਾ।

ਸਹਾਇਕ ਕਮਿਸ਼ਨਰ ਰਵਦੀਪ ਸਿੰਘ ਅਤੇ ਸੁਪਰਡੰਟ ਪ੍ਰਾਪਰਟੀ ਟੈਕਸ ਲਵਨੀਸ਼ ਗੋਇਲ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਮਿਤੀ 31 ਮਾਰਚ 2025 ਤੱਕ ਪ੍ਰਾਪਰਟੀ ਟੈਕਸ ਦਾ ਬਕਾਇਆ ਨਾ ਭਰਨ ਵਾਲੇ ਯੂਨਿਟਾਂ ਨੂੰ ਸੀਲ ਕਰਨ ਲਈ ਵੱਖੋ-ਵੱਖਰੀਆਂ 10 ਸੀਲਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ 26 ਮਾਰਚ ਤੋਂ ਹੀ ਆਪਣੀ ਸੀਲਿੰਗ ਮੁਹਿੰਮ ਸ਼ੁਰੂ ਕਰਨਗੀਆਂ।

ਉਨ੍ਹਾਂ ਕਿਹਾ ਕਿ ਇਹ ਸੀਲਿੰਗ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਵੱਲੋਂ ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31 ਮਾਰਚ 2025 ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ।