ਅੱਧੀ ਰਾਤ ਨੂੰ ਭਾਰਤ ਵਿਚ ਕੰਬ ਗਈ ਧਰਤੀ, ਫਿਰ ਆਇਆ ਭੂਚਾਲ, ਲੋਕ ਘਰਾਂ ਤੋਂ ਨਿਕਲੇ ਬਾਹਰ
ਨਿਊਜ਼ ਪੰਜਾਬ
23 ਮਾਰਚ 2025
ਲੱਦਾਖ ਵਿਚ ਸੋਮਵਾਰ (24 ਮਾਰਚ) ਨੂੰ ਸਵੇਰ-ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.6 ਮਾਪੀ ਗਈ। ਨੈਸ਼ਨਲ ਸੀਸਮੋਲੋਜੀ ਸੈਂਟਰ (NCS) ਮੁਤਾਬਕ ਇਹ ਭੂਚਾਲ ਸਵੇਰੇ 4 ਵਜੇ 32 ਮਿੰਟ 58 ਸਕਿੰਟ ਤੇ ਆਇਆ। ਜਿਵੇਂ ਹੀ ਝਟਕੇ ਮਹਿਸੂਸ ਹੋਏ, ਲੋਕ ਆਪਣੇ-ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਸਵੇਰੇ ਆਏ ਇਸ ਭੂਚਾਲ ਦਾ ਕੇਂਦਰ ਲੱਦਾਖ ਦੀ ਰਾਜਧਾਨੀ ਲੇਹ ‘ਚ 34.35 ਉੱਤਰੀ ਅਕਸ਼ਾਂਸ ਅਤੇ 78.06 ਪੂਰਬੀ ਦੇਸ਼ਾਂਤਰ ‘ਤੇ 10 ਕਿਲੋਮੀਟਰ ਦੀ ਗਹਿਰਾਈ ‘ਚ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਝਟਕਿਆਂ ਨਾਲ ਹੀ ਉਨ੍ਹਾਂ ਦੀ ਅੱਖ ਖੁੱਲ ਗਈ ਤੇ ਤੁਰੰਤ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਪ੍ਰਸ਼ਾਸਨ ਅਤੇ ਆਫਤ ਪ੍ਰਬੰਧਨ ਦੀ ਟੀਮ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹੈ।