ਪਟਿਆਲਾਮੁੱਖ ਖ਼ਬਰਾਂਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਨਿਊਜ਼ ਪੰਜਾਬ

ਪਟਿਆਲਾ, 11 ਮਾਰਚ 2025

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਹੋਣ ਵਾਲੀ ਕਣਕ ਦੀ ਸਰਕਾਰੀ ਖ਼ਰੀਦ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਣਕ ਦੀ ਸੰਭਾਲ ਲਈ ਬਾਰਦਾਨੇ, ਢੋਆ-ਢੁਆਈ ਲਈ ਆਵਾਜਾਈ ਦੇ ਸਾਧਨ ਸਮੇਤ ਲੇਬਰ ਅਤੇ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਬਾਬਤ ਅਧਿਕਾਰੀਆਂ ਪਾਸੋਂ ਜਾਣਕਾਰੀ ਲਈ ਅਤੇ ਸਾਰੇ ਪ੍ਰਬੰਧਾਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ‘ਚ ਏਡੀਸੀ (ਜ) ਇਸ਼ਾ ਸਿੰਗਲ, ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਏਡੀਸੀ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਤੇ ਐਸਡੀਐਮ ਨਾਭਾ ਡਾ. ਇਸਮਿਤ ਵਿਜੈ ਸਿੰਘ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਹਾੜੀ ਸੀਜ਼ਨ ਦੌਰਾਨ 9 ਲੱਖ 60 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਕਣਕ ਮੰਡੀਆਂ ‘ਚ ਆਉਣ ਦੀ ਸੰਭਾਵਨਾ ਹੈ। ਇਸ ਲਈ ਸਮੂਹ ਖਰੀਦ ਏਜੰਸੀਆਂ ਸਟੋਰੇਜ ਸਮੇਤ ਕਰੇਟ ਆਦਿ ਦੇ ਪ੍ਰਬੰਧ ਤੁਰੰਤ ਪੂਰੇ ਕਰਨ ਅਤੇ ਜਿਹੜੇ ਟੈਂਡਰ ਲਗਾਏ ਜਾਣੇ ਹਨ, ਉਨ੍ਹਾਂ ਦਾ ਕੰਮ ਵੀ ਹੁਣੇ ਤੋਂ ਹੀ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਮੰਡੀਆਂ ‘ਚ ਆਪਣੀ ਕਣਕ ਦੀ ਫ਼ਸਲ ਲੈਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਮੰਡੀਆਂ ‘ਚ ਸਾਫ਼ ਸਫ਼ਾਈ, ਪੀਣ ਵਾਲੇ ਪਾਣੀ, ਪਖਾਨੇ ਤੇ ਪਿਸ਼ਾਬ ਘਰ, ਲਾਈਟਾਂ ਆਦਿ ਦੇ ਸੁਚੱਜੇ ਪ੍ਰਬੰਧ ਹੋਣਗੇ।

ਡਾ. ਪ੍ਰੀਤੀ ਯਾਦਵ ਨੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ, ਜ਼ਿਲ੍ਹਾ ਮੰਡੀ ਅਫ਼ਸਰ, ਮਾਰਕੀਟ ਕਮੇਟੀਆਂ ਦੇ ਸਕੱਤਰਾਂ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਪ੍ਰਬੰਧਾਂ ‘ਚ ਕਿਸੇ ਵੀ ਕਿਸਮ ਦੀ ਕੋਈ ਢਿੱਲ ਮੱਠ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਇਸ ਤੋਂ ਬਿਨ੍ਹਾਂ ਤੋਲ ਤੋਲਾਈ ਲਈ ਕੰਡੇ ਤੇ ਨਮੀ ਜਾਂਚਣ ਵਾਲੇ ਮੀਟਰ ਵੀ ਠੀਕ ਹਾਲਤ ‘ਚ ਹੋਣੇ ਚਾਹੀਦੇ ਹਨ ਅਤੇ ਤਰਪਾਲਾਂ ਤੇ ਕਰੇਟਾਂ ਦਾ ਵੀ ਪ੍ਰਬੰਧ ਸਹੀ ਹੋਵੇ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ, ਮਾਰਕਫੈੱਡ ਤੋਂ ਸੰਜੀਵ ਸ਼ਰਮਾ, ਵੇਅਰ ਹਾਊਸ ਤੋਂ ਨਿਰਮਲ ਸਿੰਘ, ਪਨਸਪ ਤੋਂ ਵਨੀਤ ਗੋਇਲ ਤੇ ਐਫਸੀਆਈ ਤੋਂ ਅਸੀਸ ਬੈਠਕ ਵਿੱਚ ਮੌਜੂਦ ਸਨ।

ਫੋਟੋ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਜ਼ਿਲ੍ਹੇ ‘ਚ ਹੋਣ ਵਾਲੀ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ।