ਵਿਧਾਇਕ ਸਿੱਧੂ ਦੀ ਅਗਵਾਈ ‘ਚ ਗੋਲਡਨ ਪਾਰਕ ਵਿਖੇ ‘ਫੈਕਟਰੀ ਲਾਇਸੈਂਸ’ ਕੈਂਪ ਆਯੋਜਿਤ
ਨਿਊਜ਼ ਪੰਜਾਬ
ਲੁਧਿਆਣਾ, 11 ਮਾਰਚ 2025
ਪੰਜਾਬ ਸਰਕਾਰ ਵਸਨੀਕਾਂ ਨੂੰ ਸੁਚਾਰੂ, ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸ਼ਕੀ ਸੇਵਾਵਾਂ ਘਰ ਦੀਆਂ ਬਰੂਹਾਂ ‘ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕਾ ਆਤਮ ਨਗਰ ਅਧੀਨ ਗੋਲਡਨ ਪਾਰਕ ਵਿਖੇ ਫੈਕਟਰੀ ਲਾਇਸੈਂਸ ਕੈਂਪ ਦੇ ਆਯੋਜਨ ਮੌਕੇ ਕੀਤਾ। ਵਿਧਾਇਕ ਸਿੱਧੂ ਵੱਲੋਂ ਮੋਬਾਇਲ ਦਫ਼ਤਰ ਵੈਨ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਜਿਨ੍ਹਾਂ ਦਾ ਮੋਕੇ ‘ਤੇ ਹੀ ਨਿਪਟਾਰਾ ਵੀ ਕੀਤਾ ਗਿਆ।
ਇਸ ਵਿਸ਼ੇਸ਼ ਕੈਂਪ ਮੌਕੇ ਮਾਲ ਵਿਭਾਗ, ਖੁਰਾਕ ਸਪਲਾਈ ਵਿਭਾਗ, ਪੀ.ਐਸ.ਪੀ.ਸੀ.ਐਲ., ਨਗਰ ਨਿਗਮ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਤਾਂ ਜੋ ਉਦਯੋਗਪਤੀਆਂ ਦੇ ਕੀਮਤੀ ਸਮੇਂ ਦੀ ਬੱਚਤ ਕੀਤੀ ਜਾ ਸਕੇ।
ਇਸ ਮੌਕੇ ਜ਼ੋਨਲ ਕਮਿਸ਼ਨਰ ਲੁਧਿਆਣਾ ਗੁਰਪਾਲ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਮੁੱਖ ਤਰਜ਼ੀਹ ਦੇ ਰਹੀ ਹੈ ਅਤੇ ਵਸਨੀਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।