ਮੁੱਖ ਖ਼ਬਰਾਂਪੰਜਾਬ

ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 4 ਵਿਅਕਤੀ ਕੀਤੇ ਰਾਊਂਡ ਅੱਪ, 4 ਐਫਆਈਆਰਜ਼ ਦਰਜ ਕੀਤੀਆਂ; 437 ਵਾਹਨਾਂ ਦੀ ਚੈਕਿੰਗ, 52 ਚਲਾਨ ਕੀਤੇ; ਨਸ਼ੀਲੇ ਪਦਾਰਥ ਬਰਾਮਦ  

ਨਿਊਜ਼ ਪੰਜਾਬ

ਪਟਿਆਲਾ, 7 ਮਾਰਚ 2025

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਆਪ੍ਰੇਸ਼ਨ ਸੀਲ ਤਹਿਤ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਨਸ਼ਾ ਤਸਕਰਾ ਵਿਰੁੱਧ ਅੰਤਰਰਾਜੀ ਨਾਕਾਬੰਦੀ ਕਰਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਏ.ਡੀ.ਜੀ.ਪੀ ਈਸ਼ਵਰ ਸਿੰਘ ਅਤੇ ਐਸ.ਐਸ.ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਕੀਤੀ।

ਸ਼ੰਭੂ ਨੇੜੇ ਜੀ.ਟੀ. ਰੋਡ ‘ਤੇ ਪੱਚੀ ਦਰਾ ਨੇੜੇ ਕੀਤੀ ਨਾਕਾਬੰਦੀ ਦਾ ਜਾਇਜ਼ਾ ਲੈਣ ਪੁੱਜੇ ਏ.ਡੀ.ਜੀ.ਪੀ. ਈਸ਼ਵਰ ਸਿੰਘ ਨੇ ਕਿਹਾ ਕਿ ਅਪ੍ਰੇਸ਼ਨ ਸੀਲ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਅਤੇ ਆਮ ਲੋਕਾਂ ਲਈ ਘੱਟ ਤੋਂ ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਸ ਅਪਰੇਸ਼ਨ ਦੌਰਾਨ ਆਉਣ ਵਾਲੇ ਸਾਰੇ ਵਿਅਕਤੀਆਂ ਨਾਲ, ਉਨ੍ਹਾਂ ਦੇ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ, ਨਿਮਰਤਾ ਨਾਲ ਪੇਸ਼ ਆਉਣ ਸਖ਼ਤ ਹਦਾਇਤ ਕੀਤੀ ਗਈ ਸੀ।

ਏਡੀਜੀਪੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਆਉਣ ਵਾਲੇ 437 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 52 ਦੇ ਚਲਾਨ ਕੀਤੇ ਗਏ। ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 4 ਐਫਆਈਆਰਜ਼ ਵੀ ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ 4 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਇਸ ਅਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 400 ਗ੍ਰਾਮ ਅਫੀਮ, 4 ਕਿਲੋ ਭੁੱਕੀ, 1100 ਨਸ਼ੀਲੇ ਕੈਪਸੂਲ/ਗੋਲੀਆਂ ਅਤੇ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ।

ਇਸ ਮੌਕੇ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਪਟਿਆਲਾ ਪੁਲਿਸ ਨੇ ਆਪ੍ਰੇਸ਼ਨ ਸੀਲ ਚਲਾਉਂਦੇ ਹੋਏ ਜ਼ਿਲ੍ਹੇ ਅੰਦਰ ਹਰਿਆਣਾ ਰਾਜ ਨਾਲ ਲੱਗਦੇ ਰਸਤਿਆਂ ‘ਤੇ 13 ਥਾਵਾਂ ‘ਤੇ ਅੰਤਰਰਾਜੀ ਨਾਕਾਬੰਦੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੀ.ਟੀ. ਰੋਡ ‘ਤੇ ਪੱਚੀ ਦਰਾ ਨੇੜੇ ਨਾਕਾਬੰਦੀ ਕੀਤੀ ਗਈ ਹੈ, ਜਦਕਿ ਟੀ ਪੁਆਇੰਟ ਜਮੀਤਗੜ੍ਹ ਘਨੌਰ ਅੰਬਾਲਾ ਰੋਡ, ਸਰਾਲਾ ਹੈਡ ਟੀ ਪੁਆਇੰਟ ਬਲਬੇੜਾ ਚੀਕਾ ਰੋਡ, ਪੁਰ ਮੰਡੀ ਘੱਗਰ ਪੁਲ ਸਨੌਰ-ਨਨਿਉਲਾ ਰੋਡ, ਰੋਹੜ ਜਗੀਰ ਜੁਲਕਾ ਪਿਹੋਵਾ ਰੋਡ, ਮਸੀਂਗਣ ਨਨਿਉਲਾ ਰੋਡ, ਧਰਮੇੜੀ ਪੁਲ ਨਵਾ ਗਾਉਂ ਚੀਕਾ ਰੋਡ, ਘੱਗਰ ਪੁਲ ਬਾਦਸ਼ਾਹਪੁਰ ਕੈਥਲ ਰੋਡ, ਘੱਗਰ ਪੁਲ ਹਰਚੰਦਪੁਰਾ, ਘੱਗਰ ਪੁਲ ਅਰਨੇਟੂ ਬਾਦਸ਼ਾਹਪੁਰ-ਕੈਥਲ ਰੋਡ, ਰਸੌਲੀ ਨਹਿਰ ਪੁਲ-ਖਰਕਾ ਰੋਡ, ਢਾਬੀ ਗੁੱਜਰਾ ਪਾਤੜਾਂ ਨਰਵਾਣਾ ਰੋਡ ਵਿਖੇ ਨਾਕੇਲਗਾਏ ਗਏ।

ਫੋਟੋ: ਏਡੀਜੀਪੀ ਈਸ਼ਵਰ ਸਿੰੰਘ ਤੇ ਐਸਐਸਪੀ ਡਾ. ਨਾਨਕ ਸਿੰਘ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਦਿੰਦੇ ਹੋਏ।