Train Accident : ਮਹਾਰਾਸ਼ਟਰ ਦੇ ਜਲਗਾਓਂ ਨੇੜੇ ਵਾਪਰੇ ਰੇਲ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ 12 ਹੋਈ – ਕਾਂਗਰਸ ਨੇ ਕਿਹਾ 24 – ਸੂਬਾ ਸਰਕਾਰ 5 ਲੱਖ ਰੁਪਏ ਪ੍ਰਤੀ ਮ੍ਰਿਤਕ ਦੇਵੇਗੀ
ਨਿਊਜ਼ ਪੰਜਾਬ
ਮਹਾਰਾਸ਼ਟਰ ਦੇ ਜਲਗਾਓਂ ਦੇ ਪਰਾਂਡਾ ਸਟੇਸ਼ਨ ਨੇੜੇ ਵਾਪਰੇ ਰੇਲ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ 12 ਤੇ ਪੁੱਜ ਗਈ ਹੈ ਜਦੋਂ ਕਿ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਪੁਸ਼ਪਕ ਐਕਸਪ੍ਰੈਸ ਹਾਦਸੇ ਵਿੱਚ ਮ੍ਰਿਤਕਾਂ ਦੀ ਸਰਕਾਰੀ ਗਿਣਤੀ ਤੇ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 24-25 ਲੋਕਾਂ ਦੀ ਜਾਨ ਚਲੀ ਗਈ ਹੈ।ਇਸ ਦੇ ਨਾਲ ਹੀ 40 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ
ਇਸ ਦੌਰਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਦਸੇ ਵਿੱਚ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਜਲਗਾਓਂ ਜ਼ਿਲ੍ਹੇ ਵਿੱਚ ਹੋਏ ਮੰਦਭਾਗੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਜ਼ਖਮੀਆਂ ਦਾ ਸਾਰਾ ਖਰਚਾ ਵੀ ਰਾਜ ਸਰਕਾਰ ਸਹਿਣ ਕਰੇਗੀ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।