ਕਬਜ਼ਾ ਲੈਣ ਗਏ ਅਦਾਲਤੀ ਕਰਮਚਾਰੀਆਂ ’ਤੇ ਸਪ੍ਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼, ਮਾਚਿਸ ਨਾ ਮਿਲਣ ਤੇ ਭੱਜ ਕੇ ਬਚਾਈ ਜਾਨ
ਨਿਊਜ਼ ਪੰਜਾਬ,19 ਜਨਵਰੀ 2025
ਜਿਲ੍ਹਾ ਅਦਾਲਤ ਜੱਜ ਦੇ ਨਿਰਦੇਸ਼ਾਂ ’ਤੇ ਕਬਜਾ ਲੈਣ ਗਏ ਕਰਮਚਾਰੀਆਂ ’ਤੇ ਸਪ੍ਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹਿਸ ਤੋਂ ਬਾਅਦ ਮੁਲਜਮਾਂ ਨੇ ਕਰਮਚਾਰੀਆਂ ’ਤੇ ਸਪ੍ਰਿਟ ਸੁੱਟ ਦਿੱਤਾ ਪਰ ਮੌਕੇ ’ਤੇ ਮਾਚਿਸ ਨਾ ਮਿਲਣ ਕਰਕੇ ਕਰਮਚਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸਤੋਂ ਬਾਅਦ ਮੁਲਜਮਾਂ ਨੇ ਇੱਟਾਂ ਤੇ ਪੱਥਰਾਂ ਨਾਲ ਕਰਮਚਾਰੀਆਂ ’ਤੇ ਹਮਲਾ ਵੀ ਕੀਤਾ। ਕੋਤਵਾਲੀ ਥਾਣਾ ਪੁਲਿਸ ਨੇ ਇਸ ਸਬੰਧ ਵਿਚ ਕਰਮਚਾਰੀ ਸੋਮਨਾਥ ਨਿਵਾਸੀ ਬਾਜਵਾ ਕਲੋਨੀ ਦੇ ਬਿਆਨ ’ਦੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਕੇਸ਼, ਸੰਤੋਸ਼ ਕੁਮਾਰ, ਰਕੇਸ਼ ਕੁਮਾਰ, ਸਚਿਨ ਕੁਮਾਰ, ਗੀਤੂ, ਸੀਮਾ ਵਾਸੀ ਨਾਮਦਾਰ ਖਾਨ ਰੋਡ ਪਟਿਆਲਾ ਤੇ ਕੁਝ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ ਮੁਲਜਮਾਂ ਨੇ ਨਾਮਦਾਰ ਖਾਨ ਰੋਡ ’ਤੇ ਕਿਰਾਏ ’ਤੇ ਮਕਾਨ ਲਿਆ ਸੀ। ਇਸ ਮਕਾਨ ਨੂੰ ਖਾਲੀ ਕਰਨ ਦੀ ਬਜਾਏ ਮੁਲਜਮਾਂ ਨੇ ਇਸ ’ਤੇ ਕਬਜਾ ਕਰ ਲਿਆ ਸੀ, ਜਿਸ ਕਾਰਨ ਮਕਾਨ ਮਾਲਕ ਨੇ ਕੋਰਟ ਕੇਸ ਕਰ ਦਿੱਤਾ। ਜੱਜ ਗੁਰਕਿਰਨ ਸਿੰਘ ਦੀ ਅਦਾਲਤ ਨੇ ਕਬਜੇ ਲਈ ਮਕਾਨ ਨੂੰ ਖਾਲੀ ਕਰਵਾਉਣ ਲਈ ਵਰੰਟ ਜਾਰੀ ਕੀਤਾ ਸੀ। ਜਿਸਤੋਂ ਬਾਅਦ ਸੀਨੀਅਰ ਵੈਲਫ ਅੰਤਰਪਾਲ ਸਿੰਘ, ਗੰਗਾ ਦੱਤਾ, ਬਲਜੀਤ ਸਿੰਘ ਤੇ ਸੋਮਨਾਥ ਕਬਜਾ ਲੈਣ ਲਈ ਨਾਮਦਾਨ ਖਾਨ ਰੋਡ, ਨੇੜੇ ਕੁਮਾਰ ਸਭਾ ਸਕੂਲ ਪੁੱਜੇ, ਜਿਥੇ ਮੁਲਜਮਾਂ ਨੇ ਪਹਿਲਾਂ ਧੱਕਾ ਮੁੱਕੀ ਕੀਤੀ ਗਈ।
ਇਸਤੋਂ ਬਾਅਦ ਸਪ੍ਰਿਟ ਸੁੱਟ ਦਿੱਤਾ ਜੋਕਿ ਅੰਤਰਪਾਲ ਸਿੰਘ ਤੇ ਗੰਗਾ ਦੱਤਾ ’ਤੇ ਪੈ ਗਿਆ। ਮੁਲਜਮਾਂ ਨੇ ਅੱਗ ਲਾਓ ਅੱਗ ਦਾ ਰੌਲਾ ਪਾਉਣ ਸ਼ੁਰੂ ਕੀਤਾ ਤਾਂ ਕਰਮਚਾਰੀਆਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਪਰ ਗ੍ਰਿਫਤਾਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਥਾਣਾ ਕੋਤਵਾਲੀ ਮੁਖੀ ਹਰਿਜੰਦਰ ਸਿੰਘ ਢਿਲੋਂ ਨੇ ਕਿਹਾ ਕਿ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।