ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਪਲਾਂਟਾਂ’ਚੋਂ ਇਕ’ਚ ਲੱਗੀ ਅੱਗ,1500 ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਨਿਰਦੇਸ਼
18 ਜਨਵਰੀ 2025
ਕੈਲੀਫੋਰਨੀਆ ’ਚ ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਪਲਾਂਟਾਂ ’ਚੋਂ ਇਕ ’ਚ ਅੱਗ ਲੱਗ ਗਈ। ਇਸ ਦੀ ਭਿਆਨਕਤਾ ਨੂੰ ਦੇਖਦਿਆਂ ਰਾਜਮਾਰਗ-1 ਦਾ ਹਿੱਸਾ ਬੰਦ ਕਰਨਾ ਪਿਆ। ਲਗਪਗ 1,500 ਲੋਕਾਂ ਨੂੰ ਮਾਸ ਲੈਂਡਿੰਗ ਤੇ ਅਲਖੋਰਨ ਸਲੋ ਇਲਾਕਾ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਮਾਸ ਲੈਂਡਿੰਗ ਪਾਵਰ ਪਲਾਂਟ ਸੈਨ ਫਰਾਂਸਿਸਕੋ ਤੋਂ 124 ਕਿੱਲੋਮੀਟਰ ਦੱਖਣ ’ਚ ਸਥਿਤ ਹੈ।ਟੈਕਸਾਸ ਦੀ ਵਿਸਤਾਰਾ ਐਨਰਜੀ ਦੀ ਮਾਲਕੀ ਵਾਲੇ ਇਸ ਪਲਾਂਟ ’ਚ ਵੱਡੀ ਗਿਣਤੀ ’ਚ ਲਿਥੀਅਮ ਬੈਟਰੀਆਂ ਪਈਆਂ ਸਨ। ਸੌਰ ਊਰਜਾ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਨਾਲ ਬਿਜਲੀ ਭੰਡਾਰਣ ਲਈ ਇਹ ਬੈਟਰੀਆਂ ਅਹਿਮ ਹਨ ਪਰ ਜੇ ਅੱਗ ਲੱਗ ਜਾਵੇ ਤਾਂ ਇਸ ਨੂੰ ਬੁਝਾਉਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਮੋਂਟੇਰੇ ਕਾਊਂਟੀ ਸੁਪਰਵਾਈਜ਼ਰ ਗਲੇਨ ਚਰਚ ਨੇ ਕਿਹਾ ਉਮੀਦ ਨਹੀਂ ਸੀ ਕਿ ਅੱਗ ਉਸ ਕੰਕ੍ਰੀਟ ਦੀ ਇਮਾਰਤ ਨਾਲ ਅੱਗੇ ਫੈਲੀ ਜਿਸ ’ਚ ਉਹ ਸਥਿਤ ਹੈ। ਅੱਗ ਫਾਇਰ ਸਪ੍ਰਿੰਕਲਰ ਸਿਸਟਮ ’ਚ ਖਰਾਬੀ ਕਾਰਨ ਲੱਗੀ ਸੀ। ਹਾਲਾਂਕਿ, ਅੱਗ ਲੱਗਣ ਪਿੱਛੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਅੱਗ ਬੁਝਾਉਣ ਤੋਂ ਬਾਅਦ ਜਾਂਚ ਸ਼ੁਰੂ ਹੋਵੇਗੀ। ਨਾਰਥ ਮੋਂਟੇਰੇ ਕਾਊਂਟੀ ਯੂਨੀਫਾਇਡ ਸਕੂਲ ਡਿਸਟ੍ਰਿਕਟ ਨੇ ਐਲਾਨ ਕੀਤਾ ਕਿ ਅੱਗ ਕਾਰਨ ਸਾਰੇ ਸਕੂਲ ਤੇ ਦਫ਼ਤਰ ਬੰਦ ਰਹਿਣਗੇ।