ਪੰਜਾਬ ’ਚ ਨਹੀਂ ਲੱਗੀ ‘ਐਮਰਜੈਂਸੀ’,ਸਿਨੇਮਾਘਰਾਂ ਦੇ ਬਾਹਰ ਸਿੱਖ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ, SGPC ਸਕੱਤਰ ਨੇ ਕੰਗਨਾ ਨੂੰ ਕਿਹਾ ਪਾਗਲ
ਨਿਊਜ਼ ਪੰਜਾਬ :18 ਜਨਵਰੀ 2025
ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਰਿਲੀਜ਼ ਹੋ ਗਈ ਪਰ ਪੰਜਾਬ ਵਿਚ ਰਿਲੀਜ਼ ਨਹੀਂ ਹੋ ਸਕੀ। ਇਸ ਦਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕਰਨਾ ਹੈ। ਸੂਬੇ ਵਿਚ ਸਿਨੇਮਾ ਘਰਾਂ ਦੇ ਬਾਹਰ ਸਿੱਖ ਸੰਗਠਨਾਂ ਦੇ ਆਗੂਆਂ ਦੇ ਇਕੱਠੇ ਹੋਣ ਤੋਂ ਬਾਅਦ ਸਿਨੇਮਾਘਰਾਂ ਦੇ ਮਾਲਿਕਾਂ ਨੇ ਫਿਲਮ ਰਿਲੀਜ਼ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਹਾਲਾਂਕਿ ਅਧਿਕਾਰਤ ਤੌਰ ’ਤੇ ਸਰਕਾਰ ਨੇ ਇਸ ’ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਸੀ। ਅੰਮ੍ਰਿਤਸਰ ਦੇ ਟ੍ਰਿਲੀਅਨ ਮਾਲ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਕਾਰਕੁੰਨਾਂ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਤੱਕ ਲਗਾਏ। ਉੱਥੇ ਸਥਿਤੀ ’ਤੇ ਕਾਬੂ ਪਾਉਣ ਲਈ ਸਿਨੇਮਾਘਰਾਂ ਦੇ ਬਾਹਰ ਭਾਰੀ ਗਿਣਤੀ ਵਿਚ ਪੁਲਿਸ ਵੀ ਤਾਇਨਾਤ ਰਹੀ। ਫਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਇਸ ਦੀ ਐਡਵਾਂਸ ਬੁਕਿੰਗ ਵੀ ਹੋ ਚੁੱਕੀ ਸੀ ਪਰ ਵਿਰੋਧ ਦੇ ਕਾਰਨ ਇਸ ਨੂੰ ਰਿਲੀਜ਼ ਨਹੀਂ ਕੀਤਾ ਜਾ ਸਕਿਆ।