ਇਜ਼ਰਾਈਲ ਨੇ 15 ਮਹੀਨਿਆਂ ਬਾਅਦ ਹੋਈ ਜੰਗਬੰਦੀ ਨੂੰ 15 ਘੰਟਿਆਂ ਵਿੱਚ ਤੋੜਿਆ, ਗਾਜ਼ਾ ‘ਤੇ ਕੀਤਾ ਹਮਲਾ ,73 ਮੌਤਾਂ
16 ਜਨਵਰੀ 2025
ਇਜ਼ਰਾਈਲ ਤੇ ਫਲਸਤੀਨੀ ਸੰਗਠਨ ਹਮਾਸ ਵਿਚਕਾਰ ਜੰਗਬੰਦੀ ਦੇ ਐਲਾਨ ਨੂੰ 24 ਘੰਟੇ ਵੀ ਨਹੀਂ ਹੋਏ ਸਨ। ਇਸ ਦੌਰਾਨ ਜੰਗਬੰਦੀ ਤੋੜ ਦਿੱਤੀ ਗਈ। ਵੀਰਵਾਰ ਨੂੰ, ਇਜ਼ਰਾਈਲੀ ਫੌਜ ਨੇ ਗਾਜ਼ਾ ‘ਤੇ ਫਿਰ ਹਵਾਈ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 73 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਗਾਜ਼ਾ ਦੀ ਸਿਵਲ ਡਿਫੈਂਸ ਏਜੰਸੀ ਦੇ ਬੁਲਾਰੇ ਮਹਿਮੂਦ ਬਸਲ ਨੇ ਮੀਡੀਆ ਨੂੰ ਦੱਸਿਆ, “ਗਾਜ਼ਾ ਪੱਟੀ ‘ਤੇ ਜੰਗਬੰਦੀ ਸਮਝੌਤੇ ਦਾ ਐਲਾਨ ਹੋਣ ਤੋਂ ਬਾਅਦ, ਇਜ਼ਰਾਈਲੀ ਕਬਜ਼ਾ ਕਰਨ ਵਾਲੀਆਂ ਫੌਜਾਂ ਨੇ 73 ਲੋਕਾਂ ਨੂੰ ਮਾਰ ਦਿੱਤਾ ਹੈ। ਇਸ ਵਿੱਚ 20 ਬੱਚੇ ਤੇ 25 ਔਰਤਾਂ ਸ਼ਾਮਲ ਹਨ। ਇਜ਼ਰਾਈਲੀ ਫੌਜ ਅਜੇ ਵੀ ਬੰਬਾਰੀ ਕਰ ਰਹੀ ਹੈ।”
ਗਾਜ਼ਾ ਪੱਟੀ ਵਿੱਚ 7 ਅਕਤੂਬਰ 2023 ਤੋਂ ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗ ਚੱਲ ਰਹੀ ਹੈ। ਕੱਲ੍ਹ ਰਾਤ ਹੀ ਦੋਵਾਂ ਵਿਚਕਾਰ ਜੰਗਬੰਦੀ ‘ਤੇ ਸਮਝੌਤੇ ਦੀਆਂ ਰਿਪੋਰਟਾਂ ਆਈਆਂ ਸਨ। ਇੱਥੋਂ ਤੱਕ ਕਿ ਡੋਨਾਲਡ ਟਰੰਪ, ਜੋ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ, ਨੇ ਵੀ ‘ਟਰੂਥ’ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜੰਗਬੰਦੀ ਦੀ ਪੁਸ਼ਟੀ ਕੀਤੀ ਸੀ। ਬਾਅਦ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਸੀ ਕਿ 15 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਰੋਕਣ ਲਈ ਕਈ ਮੁੱਦਿਆਂ ‘ਤੇ ਸਮਝੌਤਾ ਹੋਇਆ ਹੈ। ਪਰ, ਕੁਝ ਨੁਕਤਿਆਂ ‘ਤੇ ਅਜੇ ਪੂਰੀ ਸਹਿਮਤੀ ਨਹੀਂ ਬਣ ਸਕੀ ਹੈ। ਦੇਰ ਰਾਤ ਤੱਕ ਸਾਰੀਆਂ ਚੀਜ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।