ਸ਼ੰਭੂ ਬਾਰਡਰ ‘ਤੇ ਕਿਸਾਨ ਵੱਲੋਂ ਖੁਦਕੁਸ਼ੀ,ਸਰਕਾਰ ਦੀਆ ਗਲਤ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਕਦਮ
ਨਿਊਜ਼ ਪੰਜਾਬ
9 ਜਨਵਰੀ 2025
ਹੁਣ ਕਿਸਾਨ ਕੇਂਦਰ ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਹੋ ਕੇ ਭਿਆਨਕ ਕਦਮ ਚੁੱਕਣ ਲੱਗੇ ਹਨ। ਸ਼ੰਭੂ ਬਾਰਡਰ ‘ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਸਲਫਾਸ ਨਿਗਲ ਲਿਆ। ਕਿਸਾਨ ਰੇਸ਼ਮ ਸਿੰਘ (55) ਤਰਨ ਤਾਰਨ ਜ਼ਿਲ੍ਹੇ ਦੇ ਪਹੂਵਿੰਡ ਪਿੰਡ ਦਾ ਰਹਿਣ ਵਾਲਾ ਹੈ। ਕਿਸਾਨ ਆਗੂ ਤੇਜਬੀਰ ਸਿੰਘ ਨੇ ਕਿਹਾ ਕਿ ਰੇਸ਼ਮ ਸਿੰਘ ਇਸ ਗੱਲੋਂ ਨਾਰਾਜ਼ ਸੀ ਕਿ ਸ਼ੰਭੂ ਤੇ ਖਨੌਰੀ ਸਰਹੱਦਾਂ ‘ਤੇ 11 ਮਹੀਨਿਆਂ ਤੋਂ ਅੰਦੋਲਨ ਦੇ ਬਾਵਜੂਦ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ।
ਹਾਸਲ ਜਾਣਕਾਰੀ ਮੁਤਾਬਕ ਇਸ ਵੇਲੇ ਕਿਸਾਨ ਰੇਸ਼ਮ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰੇਸ਼ਮ ਸਿੰਘ ਨੇ ਸਵੇਰੇ ਲੰਗਰ ਵਾਲੀ ਥਾਂ ਦੇ ਨੇੜੇ ਸਲਫਾਸ ਖਾਧੀ। ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ, ਉਸ ਨੂੰ ਤੁਰੰਤ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 14 ਦਸੰਬਰ ਨੂੰ ਕਿਸਾਨ ਰਣਜੋਧ ਸਿੰਘ ਨੇ ਸਲਫਾਸ ਨਿਗਲ ਲਿਆ ਸੀ। ਉਸ ਦਿਨ ਉਹ ਗੁੱਸੇ ਵਿੱਚ ਸੀ ਕਿਉਂਕਿ ਕਿਸਾਨਾਂ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਲਗਪਗ 4 ਦਿਨਾਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।