ਦਿੱਲੀ ਚੋਣਾਂ : ਹਰੇਕ ਉਮੀਦਵਾਰ ਵੱਧ ਤੋਂ ਵੱਧ 40 ਲੱਖ ਰੁੱਪਏ ਕਰ ਸਕੇਗਾ ਖਰਚ – ਹਰ ਰੋਜ਼ ਦੇ ਖਰਚੇ ਦਾ ਹਿਸਾਬ ਰੱਖਣਾ ਪਵੇਗਾ
ਨਿਊਜ਼ ਪੰਜਾਬ
ਨਵੀਂ ਦਿੱਲੀ, 9 ਜਨਵਰੀ – ਰਾਜਧਾਨੀ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ। ਇਸ ਦੇ ਲਈ ਹਰੇਕ ਵਿਧਾਨ ਸਭਾ ਵਿੱਚ ਚੋਣ ਖਰਚੇ ਦੀ ਇੱਕ ਸੀਮਾ ਤੈਅ ਕੀਤੀ ਗਈ ਹੈ। ਹਰੇਕ ਵਿਧਾਨ ਸਭਾ ਹਲਕੇ ਵਿੱਚ ਉਮੀਦਵਾਰ 40 ਲੱਖ ਰੁਪਏ ਤੋਂ ਵੱਧ ਖਰਚ ਨਹੀਂ ਕਰ ਸਕੇਗਾ। ਉਮੀਦਵਾਰ ਨੂੰ ਹਰ ਰੋਜ਼ ਦੇ ਖਰਚੇ ਦਾ ਹਿਸਾਬ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਇਸ ਨੂੰ ਮੁੱਖ ਚੋਣ ਅਧਿਕਾਰੀ ਦਫਤਰ (ਸੀ.ਈ.ਓ.) ‘ਚ ਵੀ ਜਮ੍ਹਾ ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ ਖਰਚਿਆਂ ਦੀ ਨਿਗਰਾਨੀ ਲਈ ਸੀ.ਈ.ਓ. ਵੱਲੋਂ ਟੀਮ ਬਣਾਈ ਗਈ ਹੈ।
2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਖਰਚ 28 ਲੱਖ ਰੁਪਏ ਸੀ। ਇਸ ਵਾਰ ਚੋਣ ਕਮਿਸ਼ਨ ਨੇ ਖਰਚੇ ਦੀ ਹੱਦ 12 ਲੱਖ ਰੁਪਏ ਵਧਾ ਦਿੱਤੀ ਹੈ। ਉਮੀਦਵਾਰ ਨੂੰ ਆਪਣੇ ਚੋਣ ਖਰਚੇ ਦੇ ਪੂਰੇ ਖਾਤੇ ਰੱਖਣੇ ਹੋਣਗੇ ਜਿਸ ਲਈ ਵੱਖਰਾ ਬੈਂਕ ਖਾਤਾ ਖੋਲ੍ਹਣਾ ਹੋਵੇਗਾ। ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇੱਕ ਅਧਿਕਾਰੀ ਅਨੁਸਾਰ ਸਾਰੇ 70 ਵਿਧਾਨ ਸਭਾ ਹਲਕਿਆਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀ ਦੀ ਆਖਰੀ ਮਿਤੀ 17 ਜਨਵਰੀ ਹੈ। ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਜਨਵਰੀ ਨੂੰ ਹੋਵੇਗੀ। 20 ਜਨਵਰੀ ਨੂੰ ਨਾਮ ਵਾਪਸ ਲਏ ਜਾ ਸਕਦੇ ਹਨ। ਇਸੇ ਦਿਨ ਵਿਧਾਨ ਸਭਾ ਹਲਕੇ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਚੋਣ ਪ੍ਰਚਾਰ 3 ਫਰਵਰੀ ਨੂੰ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।