ਸਿੱਖ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ
ਬਹਾਦਰੀ ਦੇ ਚਮਕਦੇ ਅਸਮਾਨ ਰੂਪੀ ਇਤਿਹਾਸ ਵਿਚ ਕੁਝ ਸਿਤਾਰੇ ਧਰੂ ਤਾਰੇ ਵਾਂਗ ਅਪਣੀ ਵਿਲੱਖਣ ਚਮਕ ਬਿਖੇਰਦੇ ਹਨ, ਅਜਿਹੇ ਦੁਨੀਆਂ ਦੇ ਇਤਿਹਾਸ ਦੇ 10 ਮਹਾਨ ਸੂਰਮਿਆਂ ਵਿਚੋਂ ਇੱਕ ਸਨ,
ਸਰਦਾਰ ਹਰੀ ਸਿੰਘ ਨਲੂਆ ਜੀ
1791 ਵਿਚ ਪੈਦਾ ਹੋਏ ਸਰਦਾਰ ਹਰੀ ਸਿੰਘ ਨੂੰ 1805 ਈ. ਵਿਚ ਬਸੰਤੀ ਦਰਬਾਰ ਸਮੇਂ ਜੰਗੀ ਕਰਤੱਵ-ਵਿੱਦਿਆ ਦੀ ਪ੍ਰਵੀਨਤਾ ਸਦਕਾ ਜਰਨੈਲਾਂ, ਸੂਰਬੀਰਾਂ ਦੇ ਕਦਰਦਾਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ‘ਫ਼ੌਜ-ਏ-ਖ਼ਾਸ’ ਵਿਚ ਸ਼ਾਮਲ ਕਰ ਲਿਆ। ਸ਼ੇਰ-ਏ-ਪੰਜਾਬ ਦੇ ਸਨਮੁਖ ਸ਼ੇਰ ਦਾ ਸ਼ਿਕਾਰ ਕਰ ਸਰਦਾਰ ਹਰੀ ਸਿੰਘ ‘ਨਲਵਾ’ ਦਾ ਖ਼ਿਤਾਬ ਪ੍ਰਾਪਤ ਕਰ ‘ਸ਼ੇਰ ਦਿਲ ਰੈਜਮੈਂਟ’ ਦਾ ਜਰਨੈਲ ਨਿਯਤ ਹੋਇਆ। ਸਰਦਾਰ ਹਰੀ ਸਿੰਘ ‘ਨਲਵਾ’ ਨੇ ਸਦੀਆਂ ਤੋਂ ਗ਼ੁਲਾਮ ਭਾਰਤੀਆਂ ਨੂੰ ਗ਼ੁਲਾਮੀ ਤੋਂ ਨਿਜਾਤ ਹੀ ਨਹੀਂ ਦਿਵਾਈ, ਸਗੋਂ ਕਸ਼ਮੀਰ, ਹਜ਼ਾਰਾ, ਪਿਸ਼ਾਵਰ ’ਤੇ ਕੇਸਰੀ ਪਰਚਮ ਝੁਲਾ ‘ਖਾਲਸਾ ਰਾਜ’ ਦਾ ਸਾਰ-ਵਿਸਥਾਰ ਵੀ ਕੀਤਾ। ਆਪ ਨੇ ਤੀਖਣ ਬੁੱਧੀ, ਸਿਆਣਪ ਤੇ ਸਫ਼ਲ ਪ੍ਰਸ਼ਾਸਕ ਖੂਬੀਆਂ ਸਦਕਾ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿਚ ਖਾਸ ਥਾਂ ਬਣਾ ਲਈ। ਇਸੇ ਲਈ ਮਹਾਰਾਜਾ ਅਕਸਰ ਕਿਹਾ ਕਰਦੇ ਸਨ ਕਿ, “ਰਾਜ ਕਰਨ ਲਈ ਤੇਰੇ ਵਰਗੇ ਆਦਮੀ ਹੋਣੇ ਜ਼ਰੂਰੀ ਹਨ।”
ਸਰਦਾਰ ਹਰੀ ਸਿੰਘ ਨੇ ਜਿੱਤਾਂ ਪ੍ਰਾਪਤ ਕਰ ਸਿੱਖ ਰਾਜ ਦੀ ਰਾਖੀ ਤੇ ਵਿਸਥਾਰ ਕਰ ਸਫ਼ਲ ਪ੍ਰਬੰਧਕ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਕਸ਼ਮੀਰ ਦੇ ਪ੍ਰਬੰਧ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਕੋਈ ਵੱਡਾ ਰੁਤਬਾ ਦੇਣਾ ਚਾਹਿਆ ਤਾਂ ਜੋ ਇਸ ਮਹਾਨ ਜਰਨੈਲ ਦੀ ਮਹਾਨ ਪ੍ਰਤਿਭਾ ਦਾ ਯੋਗ ਸਤਿਕਾਰ ਕੀਤਾ ਜਾ ਸਕੇ। ਕਈ ਦਿਨਾਂ ਦੀ ਸੋਚ-ਵਿਚਾਰ ਉਪਰੰਤ ਸਰਦਾਰ ਹਰੀ ਸਿੰਘ ਨੂੰ ਆਪਣੇ ਨਾਂ ਦਾ ਸਿੱਕਾ ਜਾਰੀ ਕਰਨ ਦੀ ਹਦਾਇਤ ਕੀਤੀ। ਇਸ ਤਰ੍ਹਾਂ ਪਿਸ਼ਾਵਰ ਦੀ ਜਿੱਤ ਤੇ ਪ੍ਰਬੰਧ ਤੋਂ ਖੁਸ਼ ਹੋ ਕੇ ਦੂਸਰੀ ਵਾਰ ਉਸ ਨੂੰ ਆਪਣੇ ਨਾਂ ਸਿੱਕਾ ਜਾਰੀ ਕਰਨ ਦੀ ਆਗਿਆ ਕੀਤੀ ਗਈ।
ਸਰਦਾਰ ਹਰੀ ਸਿੰਘ ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿਚ ਤੇਜ ਬੁੱਧੀ ਦਾ ਮਾਲਕ ਸੀ। ਇਸ ਸੰਬੰਧੀ ਮਿਸਟਰ ਬੈਰਨ ਹੂਗਲ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ ਕਿ “ਸਰਦਾਰ ਹਰੀ ਸਿੰਘ ਦੀ ਵਿਦਵਤਾ ਅਤੇ ਮਾਲੂਮਾਤ ਨੂੰ ਦੇਖ ਮੈਂ ਹੈਰਾਨ ਰਹਿ ਗਿਆ, ਉਹ ਫ਼ਾਰਸੀ ਵਿਚ ਬੜਾ ਨਿਪੁੰਨ ਅਤੇ ਬੜੀ ਤੇਜ਼ੀ ਨਾਲ ਲਿਖ ਤੇ ਬੋਲ ਸਕਦਾ ਸੀ, ਪਸ਼ਤੋ ਵਿਚ ਵੀ ਆਪ ਐਸੀ ਰਵਾਨਗੀ ਨਾਲ ਬੋਲਿਆ ਕਰਦੇ ਸਨ ਕਿ ਸੁਣਨ ਵਾਲੇ ਅਚੰਭਿਤ ਹੋ ਜਾਂਦੇ ਸਨ। ‘ਸਿੱਖ’ ਸ਼ਬਦ ਪਰ ਆਪ ਨੂੰ ਇਤਨਾ ਫ਼ਖ਼ਰ ਸੀ ਕਿ ਆਪ ਅਕਸਰ ਆਖਿਆ ਕਰਦੇ ਸਨ ਕਿ ‘ਸਿੱਖ’ ਨੂੰ ਖ਼ਤਰਾ ਕੀ ਆਖਦਾ ਹੈ? ‘ਸਿੱਖ’ ਨੂੰ ਨਦੀਂ ਰੋੜ੍ਹ ਨਹੀਂ ਸਕਦੀ, ‘ਸਿੱਖ’ ਕਦੇ ਹਾਰਦਾ ਨਹੀਂ।
ਅਟਕ ਦਰਿਆ ਨੂੰ ਪਾਰ ਕਰਨ ਸਮੇਂ ਦੇ ਹਾਲਾਤ ਨੂੰ ਮਿਸਟਰ ਬਾਰਨਸ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ ਕਿ, “ਇਸ ਭਿਆਨਕ ਦਿ੍ਰਸ਼ ਨੂੰ ਦੇਖ ਕੇ ਮੇਰਾ ਦਿਲ ਭੈਭੀਤ ਹੋ ਕੇ ਕੰਬਣ ਲੱਗਾ। ਇਸ ਸਮੇਂ ਸਰਦਾਰ ਹਰੀ ਸਿੰਘ ਨੂੰ ਮੈਂ ਆਖਿਆ ਕਿ ਸਾਨੂੰ ਦਰਿਆ ਵਿੱਚੋਂ ਘੋੜਿਆਂ ਪਰ ਪਾਰ ਜਾਣ ਦੇ ਖ਼ਤਰੇ ਵਿਚ ਨਹੀਂ ਪੈਣਾ ਚਾਹੀਦਾ ਅਤੇ ਇੱਥੋਂ ਹੀ ਪਿੱਛੇ ਪਰਤ ਜਾਣਾ ਚੰਗਾ ਹੈ। ਮੇਰੀ ਗੱਲ ਨੂੰ ਸੁਣ ਕੇ ਹਰੀ ਸਿੰਘ ਹੱਸ ਪਿਆ ਅਤੇ ਆਖਣ ਲੱਗਾ ਕਿ ਤਦ “ਸਿੱਖ ਬਣਨ ਦਾ ਕੀ ਲਾਭ ਹੋਇਆ ਜੇ ਕਦੇ ਸਿੱਖ ਦਰਿਆ ਅਟਕ ਤੋਂ ਇਸ ਸਮੇਂ ਘੋੜੇ ਪਰ ਪਾਰ ਨਾ ਹੋ ਸਕਿਆ?
ਅਰਥਾਤ ਸਿੱਖ ਨੂੰ ਅਟਕ ਦਰਿਆ ਰੋੜ੍ਹ ਨਹੀਂ ਸਕਦਾ ਤੇ ਉਹ ਮੈਨੂੰ ਘੋੜੇ ਦੀ ਪਿੱਠ ਪਰ ਬਿਠਾ ਦਰਿਆ ਤੋਂ ਪਾਰ ਲੈ ਗਿਆ।” ਇਹ ਕੇਵਲ ਇਕ ਵੰਨਗੀ ਖ਼ਾਤਰ ਹੈ ਸਰਦਾਰ ਹਰੀ ਸਿੰਘ ਦੀ ਸਿੱਖੀ ਪ੍ਰਤੀ ਨਿਸ਼ਠਾ ਤੇ ਗੁਰੂ ਕਿਰਪਾ ਆਧਾਰਿਤ ਸੈ੍ਵ- ਵਿਸ਼ਵਾਸ ਦੀ।
ਕਈ ਵਾਰ ਪੜ੍ਹਨ, ਦੇਖਣ, ਸੁਣਨ ਵਿਚ ਆਇਆ ਹੈ ਕਿ ਜਦ ਸਧਾਰਨ ਮਨੁੱਖ ਲਗਨ, ਮਿਹਨਤ ਸਦਕਾ ਸਫ਼ਲਤਾ ਦੀਆਂ ਸਰ-ਬੁਲੰਦੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਆਪਣਾ ਪਿਛੋਕੜ ਭੁੱਲ ਜਾਂਦਾ ਹੈ, ਪਰ ਸਰਦਾਰ ਹਰੀ ਸਿੰਘ ਨਲਵਾ ਦੀ ਸ਼ਖ਼ਸੀਅਤ ਦੀ ਇਹ ਖ਼ਾਸੀਅਤ ਹੈ ਕਿ ਰੁਤਬੇ-ਦਰ-ਰੁਤਬਾ ਪ੍ਰਾਪਤ ਕਰਦੇ ਗਏ ਤੇ ਉਨ੍ਹਾਂ ਦਾ ਗੁਰਬਾਣੀ ਪ੍ਰਤੀ ਸਤਿਕਾਰ, ਸਿਦਕ ਤੇ ਭਰੋਸਾ ਹੋਰ ਪ੍ਰਪੱਕ ਹੁੰਦਾ ਗਿਆ। ਆਪ ਨੇ ਹੱਥੀਂ ਸੇਵਾ ਕਰ ਕਈ ਗੁਰਦੁਆਰਾ ਸਾਹਿਬਾਨ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ। ਪੰਥਕ ਤੇ ਧਾਰਮਿਕ ਕੰਮਾਂ ਲਈ ਆਪ ਹਮੇਸ਼ਾਂ ਮਾਇਆ ਦੇ ਖੁੱਲੇ ਗੱਫੇ ਦਿਆ ਕਰਦੇ ਸਨ। ਆਪ ਤਾਂ ਆਖਿਆ ਕਰਦੇ ਸਨ ਕਿ, “ਖ਼ਜ਼ਾਨਾ ਗੁਰੂ ਨਾਨਕ ਪਾਤਸ਼ਾਹ ਦਾ ਹੈ ਅਤੇ ਕੁੰਜੀ ਹਰੀ ਸਿੰਘ ਦੇ ਹੱਥ ਹੈ, ਮੇਰਾ ਇਸ ਵਿਚ ਕੁਝ ਵੀ ਨਹੀਂ ਲੱਗਦਾ, ਮੈਂ ਕੇਵਲ ਇਕ ਖ਼ਜ਼ਾਨਚੀ ਦੀ ਸੇਵਾ ਨਿਭਾ ਰਿਹਾ ਹਾਂ”
ਪਿਸ਼ਾਵਰ ਦਾ ਗਵਰਨਰ ਬਣ ਸਰਦਾਰ ਹਰੀ ਸਿੰਘ ਨੇ ਦੱਰਾ ਖ਼ੈਬਰ ਦੇ ਬੂਹੇ ਸਾਹਮਣੇ, ਬਾਲਾ ਹਿਸਾਰ, ਜਮਰੌਦ, ਬੁਰਜ ਹਰੀ ਸਿੰਘ, ਮਿਚਨੀ, ਸੁੰਦਰਗੜ੍ਹ ਆਦਿ
ਕਿਲਿ੍ਹਆਂ ਦਾ ਜਾਲ ਵਿਛਾ ਦਿੱਤਾ। ਸਰਦਾਰ ਹਰੀ ਸਿੰਘ ਨੇ ਸਦੀਆਂ ਤੋਂ ਲੁੱਟਮਾਰ ਲਈ ਬਣੇ ਸ਼ਾਹ-ਮਾਰਗ ਨੂੰ ਬੰਦ ਹੀ ਨਹੀਂ ਕੀਤਾ, ਸਗੋਂ ਪਾਣੀ ਦਾ ਵਹਾਅ ਹੀ ਬਦਲ ਦਿੱਤਾ। ਇਸ ਕਰਕੇ ਤਾਂ ਦੋਸਤ ਮੁਹੰਮਦ ਖ਼ਾਨ ਘਬਰਾ ਕੇ ਕਹਿੰਦਾ ਸੀ ਕਿ, “ਸਾਡੇ ਦੇਸ਼ ਦੇ ਕੁਝ ਗੱਭਰੂ ਚੜ੍ਹ ਕੇ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾਹ ਕੇ, ਮੂਰਤੀਆਂ ਤੋੜ ਕੇ, ਦੌਲਤ ਦੀ ਲੁੱਟਮਾਰ ਕਰ, ਹੁਸਨ ਨੂੰ ਬੰਨ੍ਹ ਕੇ ਕਾਬਲ ਲੈ ਆਉਣ ਤੇ ਅੱਜ ਉਹ ਕਿਹੜੀ ਮਰਦ ਕੌਮ ਪੈਦਾ ਹੋ ਗਈ ਹੈ ਜੋ ਸਾਨੂੰ ਬੂਹੇ ਸਾਹਮਣੇ ਵੰਗਾਰ ਰਹੀ ਹੈ? ਇਹ ਕੌਮ ਹੈ ਸ਼ਹੀਦਾਂ ਦੀ ਜਿਸ ਨੂੰ ਮਾਣ ਹੈ ਆਪਣੇ ਸਰਦਾਰ ਹਰੀ ਸਿੰਘ ਵਰਗੇ ਜਰਨੈਲਾਂ ’ਤੇ।”
ਇੱਥੇ ਜਮਰੌਦ ਦੇ ਕਿਲ੍ਹੇ ਬਾਰੇ ਜ਼ਿਕਰ ਕਰਨਾ ਜ਼ਰੂਰੀ ਹੈ। ਪਿਸ਼ਾਵਰ ਤੋਂ ੧੮ ਕਿਲੋਮੀਟਰ ਦੂਰ ਦਰ੍ਹਾ ਖੈਬਰ ਵੱਲ ਹੈ ਜਮਰੌਦ। ਸਰਦਾਰ ਹਰੀ ਸਿੰਘ ਨਲਵਾ ਨੇ ੧੭ ਅਕਤੂਬਰ, ੧੮੩੬ ਈ. ਨੂੰ ਫ਼ਤਿਹਗੜ੍ਹ ਸਾਹਿਬ ਦੀ ਨੀਂਹ ਆਪਣੇ ਨਿਰਮਲ ਹੱਥਾਂ ਨਾਲ ਰੱਖੀ। ਉਸ ਦੀ ਕੰਧ ਚਾਰ ਗਜ਼ (ਮੀਟਰ) ’ਤੇ ੧੨ ਗਜ਼ (ਮੀਟਰ) ਉੱਚੀਆਂ ਉਸਾਰੀਆਂ। ਜਮਰੌਦ ਦੇ ਘੇਰੇ ਸਮੇਂ ਸਰਦਾਰ ਮਹਾਂ ਸਿੰਘ ਪਾਸ ੮੦੦ ਪੈਦਲ, ੨੦੦ ਘੋੜ-ਸਵਾਰ, ਦਸ ਵੱਡੀਆਂ ਤੋਪਾਂ ਤੇ ਬਾਰ੍ਹਾਂ ਛੋਟੀਆਂ ਤੋਪਾਂ ਸਨ। ਕਿਲ੍ਹੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਦਾਰ ਮਹਾਂ ਸਿੰਘ ਦੀ ਜਥੇਦਾਰੀ ’ਚ ਸੀ। ਬਹੁਤੀ ਸਿੱਖ ਫ਼ੌਜ ਤੇ ਜਰਨੈਲ ਕੰਵਰ ਨੌਨਿਹਾਲ ਸਿੰਘ ਦੇ ਵਿਆਹ ’ਤੇ ਆਏ ਸਨ, ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲਵਾ ਕਾਫ਼ੀ ਸਮੇਂ ਤੋਂ ਬਿਮਾਰ ਸੀ, ਪਰ ਜਦ ਉਸ ਨੂੰ ਪਤਾ ਚੱਲਿਆ ਕਿ ਜਮਰੌਦ ਦਾ ਕਿਲ੍ਹਾ ਦੁਸ਼ਮਣਾਂ ਦੇ ਘੇਰੇ ਵਿਚ ਹੈ ਤਾਂ ਸਰਦਾਰ ਹਰੀ ਸਿੰਘ ਬਿਮਾਰੀ ਦੀ ਪਰਵਾਹ ਨਾ ਕਰਦਾ ਹੋਇਆ ਰਾਤੋ-ਰਾਤ ਪਿਸ਼ਾਵਰ ਤੋਂ ਜਮਰੌਦ ਪਹੁੰਚ ਗਿਆ। ਸਰਦਾਰ ਹਰੀ ਸਿੰਘ ਨਲਵਾ ਦੀ ਫ਼ੌਜ ਦਾ ਦੁਸ਼ਮਣ ’ਤੇ ਕਿਤਨਾ ਭੈ ਸੀ ਇਸ ਦੀ ਇਕ ਉਦਾਹਰਨ ਉਦੋਂ ਮਿਲਦੀ ਹੈ ਜਦੋਂ ਜਮਰੌਦ ਦੇ ਕਿਲ੍ਹੇ ਦੀ ਇਕ ਬਾਹੀ ’ਚ ਪਾੜ ਪੈ ਜਾਂਦਾ ਹੈ, ਗਨੀ ਖਾਂ ਹਮਲਾਵਰ ਹੈ। ਦੋਸਤ ਮੁਹੰਮਦ ਖਾਂ ਦਾ ਵੱਡਾ ਪੁੱਤਰ ਮੁਹੰਮਦ ਖਾਨ ਕਿਲ੍ਹੇ ਦੇ ਪਾੜ ਵੱਲ ਵਧਿਆ। ਪਿੱਛੋਂ ਸੰਮੀ ਖਾਂ ਨੇ ਅਵਾਜ਼ ਮਾਰੀ! ਸ਼ੇਰ ਦੇ ਘੁਰਨੇ ’ਚ ਸ਼ਿਕਾਰ ਕਰਨ ਵਾਲਾ ਕਦੇ ਨਹੀਂ ਬਚਿਆ, ਹਨੇਰੇ ਸਮੇਂ ਸਿੱਖਾਂ ਨਾਲ ਕਿਲ੍ਹੇ ਵਿਚ ਜਾ ਕੇ ਲੜਨਾ ਆਪਣੇ ਆਪ ਨਾਲ ਵੈਰ ਕਮਾਉਣਾ ਹੈ। ਉਹ ਜੀਉਂਦੇ ਜੀਅ ਕਿਲ੍ਹਾ ਨਹੀਂ ਦੇਣਗੇ। ਸਿੰਘ ਤਾਂ ਭਾਵੇਂ ਹਫ਼ਤੇ ਦਾ ਮੋਇਆ ਹੋਵੇ ਜੇ ਉਸਦੇ ਸਿਰਹਾਣੇ ਖਲੋ ਕੇ ਵੰਗਾਰੇਂਗਾ ਤਾਂ ਉਹ ਵੀ ਲੜਨ ਲਈ ਤਿਆਰ ਹੋ ਜਾਵੇਗਾ। ਏਥੇ ਤਾਂ ੭੦੦-੮੦੦ ਤਿਆਰ-ਬਰ-ਤਿਆਰ ਸਿੰਘ ਹਨ। ਦੁਸ਼ਮਣ ਇਹ ਗੱਲ ਕਹਿ ਰਿਹਾ ਹੈ। ਸਿੱਖਾ! ਤੇਰੇ ਕਿਰਦਾਰ, ਵਿਸ਼ਵਾਸ, ਦਿ੍ਰੜ੍ਹਤਾ, ਭਰੋਸੇ ਦੀ ਇਸ ਤੋਂ ਵੱਡੀ ਕੀ ਮਿਸਾਲ ਹੋ ਸਕਦੀ ਹੈ? ਫਤਿਹ ਤਾਂ ਗੁਰੂ ਨੇ ਬਖ਼ਸ਼ਿਸ਼ ਕਰਨੀ ਹੈ, ਤੇਰਾ ਕੰਮ ਤਾਂ ਹੁਕਮੀ ਬੰਦਾ ਬਣਨਾ ਹੈ।