ਜੈਪੁਰ’ ਚ ਇਕ ਨਾਬਾਲਗ ਥਾਰ ਨੂੰ ਲੈ ਕੇ ਨਗਰ ਕੀਰਤਨ ਵਿੱਚ ਵੜਿਆ, ਹਾਦਸਾ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ, ਲੜਕੀ ਸਮੇਤ ਚਾਰ ਜ਼ਖ਼ਮੀ
ਜੈਪੁਰ,3 ਜਨਵਰੀ 2025
ਜੈਪੁਰ ਵਿੱਚ ਵੀਰਵਾਰ ਰਾਤ ਨੂੰ ਇੱਕ ਤੇਜ਼ ਰਫ਼ਤਾਰ ਥਾਰ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਵਿੱਚ ਦਾਖ਼ਲ ਹੋ ਗਿਆ, ਲੋਕਾਂ ਨੂੰ ਟੱਕਰ ਮਾਰ ਦਿੱਤੀ। ਇੱਕ ਔਰਤ ਅਤੇ ਇੱਕ ਬੱਚੇ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਗੁੱਸੇ ‘ਚ ਆਈ ਭੀੜ ਨੇ ਕਾਰ ਦੀ ਭੰਨਤੋੜ ਕੀਤੀ। ਮੁਲਜ਼ਮ ਨਾਬਾਲਗ ਹੈ ਅਤੇ ਪੁਲਿਸ ਮੁਲਾਜ਼ਮ ਦਾ ਪੁੱਤਰ ਦੱਸਿਆ ਜਾਂਦਾ ਹੈ। ਕਾਰ ‘ਤੇ ਵਿਧਾਇਕ ਦਾ ਸਟਿੱਕਰ ਵੀ ਲੱਗਾ ਹੋਇਆ ਹੈ।
ਪੁਲਿਸ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਸੇਠੀ ਕਲੋਨੀ ਗੁਰਦੁਆਰੇ ਤੋਂ ਗੁਰੂ ਗੋਬਿੰਦ ਸਿੰਘ ਪਾਰਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਇਸ ਨਗਰ ਕੀਰਤਨ ਵਿੱਚ 300 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਇਸ ਦੌਰਾਨ ਇਹ ਘਟਨਾ ਪੰਚਵਟੀ ਸਰਕਲ ਵਿਖੇ ਵਾਪਰੀ। ਹਾਦਸੇ ਵਿੱਚ ਜ਼ਖ਼ਮੀ ਹੋਇਆ ਗੁਰਮੀਤ ਸਿੰਘ (45) ਨਗਰ ਕੀਰਤਨ ਵਿੱਚ ਪੈਦਲ ਜਾ ਰਿਹਾ ਸੀ। ਇਨ੍ਹਾਂ ਤੋਂ ਇਲਾਵਾ ਇਕ ਔਰਤ ਅਤੇ ਇਕ ਲੜਕੀ ਸਮੇਤ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਟੱਕਰ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਗੱਡੀ ਦੀ ਭੰਨਤੋੜ ਵੀ ਕੀਤੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੰਚਵਟੀ ਵਿਖੇ ਜਾਮ ਲਗਾ ਦਿੱਤਾ ਅਤੇ ਆਦਰਸ਼ ਨਗਰ ਥਾਣੇ ਦਾ ਘਿਰਾਓ ਵੀ ਕੀਤਾ। ਪੁਲੀਸ ਅਧਿਕਾਰੀਆਂ ਨੇ ਨਾਬਾਲਗ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਐਫਆਈਆਰ ਦਰਜ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਮੁਲਜ਼ਮ ਡਰਾਈਵਰ ਦਾ ਪਿਤਾ ਪੁਲੀਸ ਲਾਈਨ ਵਿੱਚ ਤਾਇਨਾਤ ਹੈ। ਆਦਰਸ਼ ਨਗਰ ਦੇ ਥਾਣੇਦਾਰ ਧਰਮ ਸਿੰਘ ਨੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਹਾਦਸਾ ਵਾਪਰਨ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਰਾਜਾ ਪਾਰਕ ਵਿੱਚ ਪੰਚਵਟੀ ਸਰਕਲ ਦੇ ਕੋਲ ਨਗਰ ਕੀਰਤਨ ਹੋ ਰਿਹਾ ਸੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਤੇਜ਼ ਰਫ਼ਤਾਰ ਨਾਲ ਆ ਰਹੇ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਾਬਾਲਗ ਡਰਾਈਵਰ ਕਾਰ ਭਜਾ ਕੇ ਲੈ ਗਿਆ। ਲੋਕਾਂ ਦੀ ਟੱਕਰ ਹੋਣ ‘ਤੇ ਵੀ ਡਰਾਈਵਰ ਨੇ ਕਾਰ ਨਹੀਂ ਰੋਕੀ। ਭੀੜ ਨੇ ਕਰੀਬ 100 ਮੀਟਰ ਅੱਗੇ ਗੱਡੀ ਨੂੰ ਰੋਕ ਲਿਆ। ਜਿਵੇਂ ਹੀ ਥਾਰ ਰੁਕਿਆ ਤਾਂ ਚਾਰ ਲੜਕੇ ਹੇਠਾਂ ਉਤਰੇ ਅਤੇ ਭੱਜਣ ਲੱਗੇ ਤਾਂ ਲੋਕਾਂ ਨੇ ਡਰਾਈਵਰ ਨੂੰ ਫੜ ਲਿਆ। ਹਾਲਾਂਕਿ ਤਿੰਨ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ।