ਦਿੱਲੀ ਦੀ ” ਹਵਾ ” ਮੁੜ੍ਹ ਹੋਈ ਖ਼ਰਾਬ ,ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ
ਨਵੀਂ ਦਿੱਲੀ -17 ਦਿਸੰਬਰ 2024
ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੀ ਹਵਾ ਜ਼ਹਿਰੀਲੀ ਹੋ ਗਈ ਹੈ ਅਤੇ ਫਿਰ ਤੋਂ ਗੰਭੀਰ ਸ਼੍ਰੇਣੀ ‘ਚ ਪਹੁੰਚ ਗਈ ਹੈ। ਇਸ ਦੇ ਮੱਦੇਨਜ਼ਰ, ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਾ ਚੌਥਾ ਪੜਾਅ (ਗ੍ਰੇਪ-4) ਦਿੱਲੀ-ਐਨਸੀਆਰ ਵਿੱਚ ਲਾਗੂ ਕੀਤਾ ਗਿਆ ਹੈ। ਇਸ ਤਹਿਤ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ 5ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ। 10ਵੀਂ ਅਤੇ 12ਵੀਂ ਜਮਾਤਾਂ ਨੂੰ ਛੱਡ ਕੇ, ਸਕੂਲ ਦੀਆਂ ਬਾਕੀ ਸਾਰੀਆਂ ਜਮਾਤਾਂ ਹਾਈਬ੍ਰਿਡ ਮੋਡ ਵਿੱਚ ਚੱਲਣਗੀਆਂ। ਹਾਈਵੇਅ ਅਤੇ ਫਲਾਈਓਵਰਾਂ ਸਮੇਤ ਜਨਤਕ ਅਤੇ ਨਿੱਜੀ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਰਹੇਗੀ। ਦਿੱਲੀ ਵਿੱਚ ਗੈਰ-ਜ਼ਰੂਰੀ ਸਮਾਨ ਲਿਆਉਣ ਵਾਲੇ ਟਰੱਕਾਂ ਦੇ ਦਾਖਲੇ ‘ਤੇ ਵੀ ਪਾਬੰਦੀ ਰਹੇਗੀ।
ਸੈਂਟਰਲ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐਮ) ਦੀ ਸਬ-ਕਮੇਟੀ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਦਿੱਲੀ-ਐਨਸੀਆਰ ਵਿੱਚ ਤੁਰੰਤ ਪ੍ਰਭਾਵ ਨਾਲ ਗ੍ਰੈਪ-4 ਪਾਬੰਦੀਆਂ ਨੂੰ ਲਾਗੂ ਕਰਨ ਦਾ ਫੈਂਸਲਾ ਕੀਤਾ ਗਿਆ,
ਕਿਹੜੀਆਂ ਪਾਬੰਦੀਆਂ ਲਾਗੂ ਹੋਣਗੀਆਂ?
ਫੈਕਟਰੀਆਂ, ਨਿਰਮਾਣ ਕਾਰਜਾਂ ਅਤੇ ਆਵਾਜਾਈ ‘ਤੇ ਸਖ਼ਤ ਪਾਬੰਦੀਆਂ ਹੋਣਗੀਆਂ। ਟਰੱਕ ਲੋਡਰ ਅਤੇ ਹੋਰ ਭਾਰੀ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਘਰੋਂ ਕੰਮ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ। ਕੱਚੀਆਂ ਸੜਕਾਂ ‘ਤੇ ਉਸਾਰੀ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ ‘ਤੇ ਪਾਬੰਦੀ ਹੋਵੇਗੀ। ਖੁੱਲ੍ਹੇ ‘ਚ ਕੂੜਾ ਸਾੜਨ ‘ਤੇ ਪਾਬੰਦੀ ਹੋਵੇਗੀ, ਪੋਲੀਥੀਨ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਪਦਾਰਥਾਂ ਦੀ ਵਰਤੋਂ ‘ਤੇ ਵੀ ਪਾਬੰਦੀ ਹੋਵੇਗੀ।