ਅੰਮ੍ਰਿਤਸਰਮੁੱਖ ਖ਼ਬਰਾਂਪੰਜਾਬ

ਅੰਮ੍ਰਿਤਸਰ’ਚ ਪੁਲਿਸ ਕੱਸਟਡੀ ਵਿੱਚ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ,ਪਰਿਵਾਰ ਨੇ ਪੁਲਿਸ ’ਤੇ ਹੱਤਿਆ ਦਾ ਲਾਇਆ ਦੋਸ਼

ਅੰਮ੍ਰਿਤਸਰ :13 ਦਿਸੰਬਰ 2024

ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਥਾਣਾ ਘਰਿੰਡਾ ’ਚ ਬੁੱਧਵਾਰ ਦੇਰ ਰਾਤ ਪੁਲਿਸ ਹਿਰਾਸਤ ’ਚ ਮਨਜੀਤ ਸਿੰਘ ਨਾਂ ਦੇ ਨੌਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ’ਤੇ ਮਨਜੀਤ ਸਿੰਘ ਦੇ ਕਤਲ ਦਾ ਦੋਸ਼ ਲਾਇਆ ਹੈ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਕੋਲ ਲੁਕਾ ਕੇ ਰੱਖੀ ਰਿਵਾਲਵਰ ਨਾਲ ਖ਼ੁਦ ’ਤੇ ਗੋਲ਼ੀ ਚਲਾਈ ਹੈ। ਪੁਲਿਸ ਨੇ ਬੁੱਧਵਾਰ ਦੁਪਹਿਰ ਨੂੰ ਮਨਜੀਤ ਤੇ ਉਸ ਦੇ ਸਾਥੀ ਪਰਮਜੀਤ ਸਿੰਘ ਪੰਮਾ ਨੂੰ ਨਸ਼ੇ ਦੇ ਕਾਰੋਬਾਰ ’ਚ ਸ਼ਾਮਿਲ ਹੋਣ ਦੇ ਸ਼ੱਕ ’ਚ ਹਿਰਾਸਤ ’ਚ ਲਿਆ ਸੀ। ਫਿਲਹਾਲ ਪੂਰੇ ਮਾਮਲੇ ਦੀ ਅਦਾਲਤੀ ਜਾਂਚ ਸ਼ੁਰੂ ਹੋ ਗਈ ਹੈ।ਖਾਸਾ ਵਾਸੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨਜੀਤ ਸਿੰਘ (30) ‘ਰਾਖੇ ਧੀਆਂ ਦੇ’ ਸੰਸਥਾ ’ਚ ਬਾਊਂਸਰ ਦਾ ਕੰਮ ਕਰਦਾ ਹੈ ਤੇ ਉਸ ਦਾ ਦੋਸਤ ਪਰਮਜੀਤ ਸਿੰਘ ਉਰਫ਼ ਪੰਮਾ ਪੇਸ਼ੇ ਤੋਂ ਹਲਵਾਈ ਹੈ।

ਦੋਵੇਂ ਪੁਰਾਣੇ ਦੋਸਤ ਹਨ। ਬੁੱਧਵਾਰ ਦੁਪਹਿਰ ਨੂੰ ਥਾਣਾ ਘਰਿੰਡਾ ਅਧੀਨ ਪੈਂਦੀ ਖਾਸਾ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਦੋਵਾਂ ਨੂੰ ਨਸ਼ੇ ਦੇ ਮਾਮਲੇ ’ਚ ਹਿਰਾਸਤ ’ਚ ਲੈ ਲਿਆ ਹੈ। ਸਾਰਾ ਦਿਨ ਦੋਵੇਂ ਪਰਿਵਾਰ ਮਨਜੀਤ ਤੇ ਪਰਮਜੀਤ ਨੂੰ ਮਿਲਣ ਲਈ ਦੌੜਦੇ ਰਹੇ ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਨਜੀਤ ਸਿੰਘ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਦਵਿੰਦਰ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਭਰਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਦੋਂ ਦੇਰ ਰਾਤ ਉਹ ਥਾਣੇ ਗਿਆ ਤਾਂ ਉੱਥੇ ਤਾਇਨਾਤ ਪੁਲਿਸ ਦੀ ਸਰਕਾਰੀ ਸਫੈਦ ਰੰਗ ਦੀ ਸਕਾਰਪੀਓ ਗੱਡੀ ਦੇ ਬਾਹਰ ਮਨਜੀਤ ਦਾ ਖੂਨ ਖਿੱਲਰਿਆ ਪਿਆ ਸੀ। ਕਿਸੇ ਵੀ ਪੁਲਿਸ ਅਧਿਕਾਰੀ ਨੇ ਉਸ ਨੂੰ ਘਟਨਾ ਬਾਰੇ ਕੁਝ ਨਹੀਂ ਦੱਸਿਆ।

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਨਜੀਤ ਤੇ ਪਰਮਜੀਤ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ। ਉਨ੍ਹਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ। ਮਨਜੀਤ ਕੋਲ ਇਕ ਲਾਇਸੈਂਸੀ ਰਿਵਾਲਵਰ ਤੇ ਇਕ ਨਜਾਇਜ਼ ਰਿਵਾਲਵਰ ਸੀ। ਹਿਰਾਸਤ ’ਚ ਲਏ ਜਾਣ ਦੇ ਤੁਰੰਤ ਬਾਅਦ ਤਲਾਸ਼ੀ ਦੌਰਾਨ ਮਨਜੀਤ ਨੇ ਆਪਣਾ ਨਾਜਾਇਜ਼ ਰਿਵਾਲਵਰ ਪੁਲਿਸ ਮੁਲਾਜ਼ਮਾਂ ਨੂੰ ਦੇ ਦਿੱਤਾ ਸੀ। ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਕੋਲ ਆਪਣਾ ਲਾਇਸੈਂਸੀ ਹਥਿਆਰ ਵੀ ਸੀ, ਜੋ ਉਸ ਨੇ ਜੁੱਤੀ ’ਚ ਰੱਖਿਆ ਹੋਇਆਸੀ। ਰਾਤ ਮੌਕਾ ਮਿਲਦੇ ਹੀ ਮਨਜੀਤ ਨੇ ਆਪਣੀ ਜੁੱਤੀ ’ਚ ਰੱਖਿਆ ਰਿਵਾਲਵਰ ਕੱਢ ਲਿਆ ਤੇ ਖ਼ੁਦ ਨੂੰ ਗੋਲ਼ੀ ਮਾਰ ਲਈ। ਪਰਿਵਾਰ ਨੇ ਦੋਸ਼ ਲਾਇਆ ਕਿ ਥਾਣਾ ਘਰਿੰਡਾ ਦੀ ਪੁਲਿਸ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਖਾਸਾ ’ਚ ਇਕ ਖਾਲੀ ਕੋਠੀ ਕਿਰਾਏ ’ਤੇ ਲੈ ਰੱਖੀ ਹੈ। ਮੁਲਾਜ਼ਮ ਤੇ ਕਰਿੰਦੇ ਅਕਸਰ ਉੱਥੇ ਹਵਾਲਾਤੀਆਂ ਨੂੰ ਲੈ ਜਾਂਦੇ ਹਨ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਦੋਸ਼ ਹੈ ਕਿ ਮਨਜੀਤ ਤੇ ਪਰਮਜੀਤ ਸਿੰਘ ਨੂੰ ਬੁੱਧਵਾਰ ਨੂੰ ਪੂਰਾ ਦਿਨ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਤੇ ਉਨ੍ਹਾਂ ਦੀ ਇੰਟੋਰੈਗੇਸ਼ਨ ਕੀਤੀ ਗਈ।