ਮੋਗਾਮੁੱਖ ਖ਼ਬਰਾਂਪੰਜਾਬ

ਨਾਮਜਦਗੀਆਂ ਦੇ ਦੂਸਰੇ ਦਿਨ ਵੀ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੀ ਨਾਮਜ਼ਦਗੀ

ਮੋਗਾ, 10 ਦਸੰਬਰ  2024

ਜ਼ਿਲ੍ਹਾ ਮੋਗਾ ਵਿੱਚ ਨਗਰ ਕੌਂਸਲ ਬਾਘਾਪੁਰਾਣਾ ਤੇ ਧਰਮਕੋਟ, ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 9 ਦਸੰਬਰ 2024 ਤੋਂ ਸ਼ੁਰੂ ਹੋ ਚੁੱਕੀ ਹੈ। ਨਾਮਜਦਗੀਆਂ ਭਰਨ ਦੇ ਦੂਸਰੇ ਦਿਨ ਵੀ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ।

ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ 12 ਦਸੰਬਰ, 2024 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 13 ਦਸੰਬਰ, 2024 ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 14 ਦਸੰਬਰ 2024 ਹੈ। ਵੋਟਾਂ ਪੈਣ ਦਾ ਕਾਰਜ ਮਿਤੀ 21 ਦਸੰਬਰ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।

ਉਹਨਾਂ ਉਮੀਦਵਾਰਾਂ ਦੇ ਖਰਚਾ ਸੀਮਾ ਬਾਰੇ ਜਾਣਦਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਦੇ ਉਮੀਦਵਾਰ ਲਈ ਖਰਚੇ ਦੀ ਹੱਦ 3.60 ਲੱਖ ਰੁਪਏ, ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.30 ਲੱਖ ਰੁਪਏ, ਕਲਾਸ-2 ਲਈ 2 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.40 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।

ਇਹਨਾਂ ਚੋਣਾਂ ਲਈ ਰਿਟਰਨਿੰਗ ਅਫ਼ਸਰ ਸਹਾਇਕ ਰਿਟਰਨਿੰਗ ਅਫਸਰ ਲਗਾਏ ਗਏ ਹਨ ਜੋ ਕਿ ਨਿਰਧਾਰਤ ਸਥਾਨ ਉੱਤੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਤਹਿਸੀਲਦਾਰ ਮੋਗਾ ਸ਼੍ਰੀ ਲਖਵਿੰਦਰ ਸਿੰਘ ਨੂੰ ਨਗਰ ਕੌਂਸਲ ਧਰਮਕੋਟ ਦਾ ਰਿਟਰਨਿੰਗ ਅਫ਼ਸਰ ਤੇ ਇੰਸਪੈਕਟਰ ਫੂਡ ਸਪਲਾਈ ਧਰਮਕੋਟ ਰਾਜਵੰਤ ਸਿੰਘ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ। ਬੀ ਡੀ ਪੀ ਓ ਮੋਗਾ 2 ਸ਼੍ਰੀ ਸੁਖਦੀਪ ਸਿੰਘ ਨੂੰ ਨਗਰ ਕੌਂਸਲ ਬਾਘਾਪੁਰਾਣਾ ਦਾ ਰਿਟਰਨਿੰਗ ਅਫ਼ਸਰ ਤੇ ਇੰਸਪੈਕਟਰ ਫੂਡ ਸਪਲਾਈ ਬਾਘਾਪੁਰਾਣਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਬੀ ਡੀ ਪੀ ਓ ਧਰਮਕੋਟ ਸ਼੍ਰੀ ਸਿਤਾਰਾ ਸਿੰਘ ਨੂੰ ਨਗਰ ਪੰਚਾਇਤ ਫ਼ਤਹਿਗੜ੍ਹ ਪੰਜਤੂਰ ਦਾ ਰਿਟਰਨਿੰਗ ਅਫ਼ਸਰ ਤੇ ਇੰਸਪੈਕਟਰ ਫੂਡ ਸਪਲਾਈ ਕੋਟ ਈਸੇ ਖਾਂ ਸ਼੍ਰੀ ਪ੍ਰਿਤਪਾਲ ਸਿੰਘ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।