ਆਗਰਾ ‘ਚ ਹਵਾਈ ਫ਼ੌਜ ਦਾ MIG-29 ਹਾਦਸਾਗ੍ਰਸਤ,ਆਗਰਾ ਦੇ ਖੇਤ ‘ਚ ਡਿੱਗੇ ਜਹਾਜ਼ ਨੂੰ ਲੱਗੀ ਅੱਗ,ਚਾਰੇ ਪਾਸੇ ਉੱਠੀਆਂ ਅੱਗ ਦੀਆਂ ਲਪਟਾਂ
4 ਨਵੰਬਰ 2024
ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਹਵਾਈ ਸੈਨਾ ਦਾ ਇੱਕ ਮਿਗ-29 ਜਹਾਜ਼ ਖੇਤਾਂ ਵਿੱਚ ਕਰੈਸ਼ ਹੋ ਗਿਆ। ਜ਼ਿਲੇ ਦੇ ਕਾਗਰੌਲ ਇਲਾਕੇ ਦੇ ਪਿੰਡ ਬਾਘਾ ਸੋਨੀਗਾ ਤੋਂ ਤਿੰਨ ਕਿਲੋਮੀਟਰ ਦੂਰ ਖੇਤਾਂ ‘ਚ ਜਹਾਜ਼ ਡਿੱਗਦੇ ਹੀ ਅੱਗ ਲੱਗ ਗਈ। ਜਹਾਜ਼ ਦੇ ਕਰੈਸ਼ ਹੋਣ ਤੇ ਪਾਇਲਟ ਅਤੇ ਕੋ-ਪਾਇਲਟ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ‘ਚੋਂ ਨਿਕਲ ਗਏ। ਦੱਸਿਆ ਗਿਆ ਕਿ ਗਵਾਲੀਅਰ ‘ਚ ਹਵਾਈ ਫ਼ੌਜ ਦਾ ਅਭਿਆਸ ਚੱਲ ਰਿਹਾ ਸੀ, ਜਿੱਥੋਂ ਜਹਾਜ਼ ਨੇ ਉਡਾਣ ਭਰੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਸੈਨਾ ਦਾ ਮਿਗ-29 ਜਹਾਜ਼ ਸੋਮਵਾਰ ਸ਼ਾਮ ਗਵਾਲੀਅਰ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਕਾਗਰੌਲ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਜਦੋਂ ਜਹਾਜ਼ ਕਰੈਸ਼ ਹੋਇਆ ਤਾਂ ਦੋਵੇਂ ਪਾਇਲਟ ਪੈਰਾਸ਼ੂਟ ਰਾਹੀਂ ਸੁਰੱਖਿਅਤ ਉਤਰੇ। ਜਹਾਜ਼ ਉਨ੍ਹਾਂ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਪਿੰਡ ਦੇ ਬਾਹਰ ਖੇਤਾਂ ਵਿੱਚ ਡਿੱਗਿਆ ਅਤੇ ਅੱਗ ਦੀ ਲਪੇਟ ਵਿੱਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚ ਰਹੀ ਹੈ। ਜਹਾਜ਼ ਨੂੰ ਖੇਤਾਂ ‘ਚ ਡਿੱਗਦਾ ਦੇਖ ਕੇ ਪਿੰਡ ਦੇ ਲੋਕ ਵੀ ਤੁਰੰਤ ਉਥੇ ਪਹੁੰਚ ਗਏ। ਹਾਦਸੇ ਤੋਂ ਤੁਰੰਤ ਬਾਅਦ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।