ਭਾਰਤ ਦੀ ਮੁਬੰਈ’ਚ ਸ਼ਰਮਨਾਕ ਹਾਰ,ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼

 

3 ਨਵੰਬਰ 2024

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਨੂੰ 25 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਸੀ ਪਰ ਉਸ ਦੇ ਬੱਲੇਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਆਪਣੀ ਦੂਜੀ ਪਾਰੀ ਵਿੱਚ ਸਿਰਫ਼ 121 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਕੀਵੀ ਟੀਮ ਨੇ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕਰ ਲਿਆ। ਨਿਊਜ਼ੀਲੈਂਡ ਦੀ ਜਿੱਤ ਦੇ ਹੀਰੋ ਏਜਾਜ਼ ਪਟੇਲ ਰਹੇ, ਜਿਨ੍ਹਾਂ ਨੇ ਦੂਜੀ ਪਾਰੀ ਵਿੱਚ ਛੇ ਵਿਕਟਾਂ ਲਈਆਂ। ਇਜਾਜ਼ ਨੇ ਪਹਿਲੀ ਪਾਰੀ ‘ਚ ਵੀ 5 ਵਿਕਟਾਂ ਲਈਆਂ ਸਨ।

24 ਸਾਲ ਬਾਅਦ ਭਾਰਤੀ ਟੀਮ ਨੂੰ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਇਸ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਦੱਖਣੀ ਅਫਰੀਕਾ ਨੇ ਹਰਾਇਆ ਸੀ। ਨਾਲ ਹੀ, ਭਾਰਤੀ ਟੀਮ ਨੂੰ ਪਹਿਲੀ ਵਾਰ ਘਰੇਲੂ ਮੈਦਾਨ ‘ਤੇ 3 ਮੈਚਾਂ ਦੀ ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕੀਤਾ ਗਿਆ ਹੈ। ਭਾਰਤੀ ਟੀਮ ਦੀ ਇਹ ਹਾਰ ਕਾਫੀ ਸ਼ਰਮਨਾਕ ਸੀ।

ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ‘ਤੇ ਹੀ ਸਿਮਟ ਗਈ ਸੀ। ਭਾਰਤ ਲਈ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੇ ਪੰਜ ਵਿਕਟਾਂ ਲਈਆਂ।ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ‘ਚ ਖੇਡਿਆ ਗਿਆ, ਜਿਸ ‘ਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ 8 ਵਿਕਟਾਂ ਨਾਲ ਹਾਰ ਗਈ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਪੁਣੇ ‘ਚ ਖੇਡਿਆ ਗਿਆ ਸੀਰੀਜ਼ ਦਾ ਦੂਜਾ ਮੈਚ 113 ਦੌੜਾਂ ਨਾਲ ਜਿੱਤ ਕੇ ਸੀਰੀਜ਼ ‘ਚ ਅਜੇਤੂ ਬੜ੍ਹਤ ਬਣਾ ਲਈ ਸੀ।