13 ਸਾਲ ਪੁਰਾਣੇ ਮਾਮਲੇ ‘ਚ ਅਦਾਲਤ ਨੇ ਸੁਣਾਇਆ ਫੈਸਲਾ,ਲਾਰੈਂਸ ਬਿਸ਼ਨੋਈ ਅਤੇ 2 ਹੋਰ ਦੋਸ਼ੀਆ ਨੂੰ ਕੀਤਾ ਬਰੀ
25 ਅਕਤੂਬਰ 2024
ਪੰਜਾਬ ਦੀ ਇਕ ਜ਼ਿਲ੍ਹਾ ਅਦਾਲਤ ਨੇ ਵੀਰਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਦੋ ਸਾਥੀਆਂ ਨੂੰ 13 ਸਾਲ ਪੁਰਾਣੇ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।ਅਦਾਲਤ ਨੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਤਿੰਨ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਘਰ ਵਿੱਚ ਦਾਖ਼ਲ ਹੋਣ, ਗੋਲੀ ਚਲਾਉਣ ਤੇ ਤਲਵਾਰ ਨਾਲ ਹਮਲਾ ਕਰਨ ਦੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਲਾਰੈਂਸ ਤੋਂ ਇਲਾਵਾ ਬਰੀ ਕੀਤੇ ਗਏ ਦੋ ਦੋਸ਼ੀਆਂ ਦੀ ਪਛਾਣ ਨਵਪ੍ਰੀਤ ਸਿੰਘ ਉਰਫ਼ ਨਿੱਤਰ ਤੇ ਤਰਸੇਮ ਸਿੰਘ ਉਰਫ ਸਾਹਿਬਾ ਵਜੋਂ ਹੋਈ ਹੈ।ਤਿੰਨਾਂ ਖ਼ਿਲਾਫ਼ 5 ਫਰਵਰੀ 2011 ਨੂੰ ਮੋਹਾਲੀ ਦੇ ਫੇਜ਼-8 ਥਾਣੇ ਵਿੱਚ ਆਈਪੀਸੀ ਦੀ ਧਾਰਾ 452, 506, 324, 148, 149, 336 ਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐਫਆਈਆਰ ਅਨੁਸਾਰ 4 ਫਰਵਰੀ 2011 ਨੂੰ ਤੜਕੇ 1.30 ਵਜੇ ਸਤਵਿੰਦਰ ਸਿੰਘ (ਸਰਹਿੰਦ) ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਤੇ ਕਿਸੇ ਨੇ ਉਸ ਦੇ ਕਮਰੇ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਸਤਵਿੰਦਰ ਖਾਲਸਾ ਕਾਲਜ ਸੈਕਟਰ-26 ਚੰਡੀਗੜ੍ਹ ਵਿੱਚ ਪੜ੍ਹਦਾ ਸੀ ਤੇ ਆਪਣੇ ਦੋਸਤ ਸੰਜੇ ਸ਼ਰਮਾ ਉਰਫ਼ ਮਨੀ ਨਾਲ ਮੋਹਾਲੀ ਦੇ ਸੈਕਟਰ-69 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।ਇਲਜ਼ਾਮ ਅਨੁਸਾਰ ਹਮਲਾਵਰਾਂ ਵਿੱਚੋਂ ਇੱਕ ਨਵਪ੍ਰੀਤ ਸਿੰਘ ਉਰਫ਼ ਨਿੱਤਰ ਕੋਲ ਪਿਸਤੌਲ, ਜੈਜ਼ੀ ਕੋਲ ਕਿਰਪਾਨ, ਤਰਸੇਮ ਸਿੰਘ ਉਰਫ਼ ਸਾਹਿਬਾ ਤੇ ਲਾਰੈਂਸ ਕੋਲ ਕਿਰਪਾਨ ਸੀ। ਅੰਦਰ ਆਉਂਦੇ ਹੀ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਉੱਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਵਿੱਚ ਹਮਲਾਵਰ ਧਮਕੀਆਂ ਦਿੰਦੇ ਹੋਏ ਭੱਜ ਗਏ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਸੀ।