NIA ਨੇ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ
23 ਅਕਤੂਬਰ 2024
ਲਾਰੇਂਸ ਬਿਸ਼ਨੋਈ ਗੈਂਗ ਦੇ ਮੁੱਖ ਹੈਂਡਲਰ ਅਨਮੋਲ ਬਿਸ਼ਨੋਈ’ ਤੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਜਾਂਚ ਏਜੰਸੀ (NIA) ਨੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਬਾਬਾ ਸਿੱਦੀਕੀ ਕਤਲ ਕੇਸ ਵਿੱਚ ਅਨਮੋਲ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੀ ਸੁਰੱਖਿਆ ਏਜੰਸੀ ਨੇ ਇਹ ਫੈਸਲਾ ਲਿਆ ਹੈ।
ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਸ਼ੂਟਰਾਂ ਤੋਂ ਪੁੱਛਗਿੱਛ ਦੌਰਾਨ ਇਸ ਕਤਲ ਕੇਸ ਵਿੱਚ ਅਨਮੋਲ ਦਾ ਨਾਂ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਹੁਣ NIA ਨੇ ਇਨਾਮ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪਿੱਛੇ ਪਏ ਲਾਰੇਂਸ ਗੈਂਗ ਦੇ ਗੁੰਡਿਆਂ ਨੇ ਹਾਲ ਹੀ ‘ਚ ਉਨ੍ਹਾਂ ਦੇ ਘਰ ‘ਤੇ ਵੀ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ‘ਚ ਅਨਮੋਲ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਸਬੰਧੀ ਮੁੰਬਈ ਪੁਲਿਸ ਨੇ ਪਹਿਲਾਂ ਹੀ ਬਿਸ਼ਨੋਈ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ ਅਤੇ ਹੁਣ ਐਨਆਈਏ ਨੇ ਵੀ ਕਾਰਵਾਈ ਕਰਦਿਆਂ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਅਨਮੋਲ ਬਿਸ਼ਨੋਈ ਦਾ ਨਾਂ ਵੀ ਸਾਹਮਣੇ ਆਇਆ ਸੀ।