ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਲੱਗੀ ਪੁਲੀਸ,ਅੱਠ ਕੇਸ ਦਰਜ

ਪੰਜਾਬ ਨਿਊਜ਼,21 ਅਕਤੂਬਰ 2024

ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਲੱਖ ਯਤਨਾਂ ਦੇ ਬਾਵਜੂਦ ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਸਾੜਨ ਦੇ ਰੁਝਾਨ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਇੱਕੋ ਦਿਨ ’ਚ ਅੱਜ ਪਰਾਲੀ ਸਾੜਨ ਦੇ ਅੱਠ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚੋਂ ਸੱਤ ਕਿਸਾਨਾਂ ਦਾ ਤਾਂ ਕੋਈ ਪਤਾ ਟਿਕਾਣਾ ਹੀ ਨਹੀਂ ਜਦਕਿ ਸਿਰਫ ਇੱਕ ਮਾਮਲੇ ’ਚ ਪਿੰਡ ਭੰਮੀਪੁਰਾ ਦੇ ਕਿਸਾਨ ਦਾ ਨਾਂ ਹੈ। ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦਾ ਪਤਾ ਲੱਗਣ ’ਤੇ ਲੁਧਿਆਣਾ ਦਿਹਾਤੀ ਪੁਲੀਸ ਨੇ ਅੱਠ ਪਿੰਡਾਂ ’ਚ ਪਰਾਲੀ ਸਾੜਨ ਦੇ ਸਬੰਧ ’ਚ ਵੱਖ-ਵੱਖ ਥਾਣਿਆਂ ’ਚ ਪਰਚੇ ਦਰਜ ਕੀਤੇ ਹਨ। ਹੈਰਾਨੀਜਨਕ ਗੱਲ ਹੈ ਕਿ ਪੁਲੀਸ ਨੇ ਸੱਤ ਮਾਮਲਿਆਂ ’ਚ ਅਣਪਛਾਤੇ ਕਿਸਾਨਾਂ ਦਾ ਨਾਂ ਪਾਇਆ ਹੈ। ਪੁਲੀਸ ਨੇ ਜਿਹੜੇ ਪਿੰਡਾਂ ਦੇ ਕਿਸਾਨਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ, ਉਹ ਪਿੰਡ ਲੁਧਿਆਣਾ ਦਿਹਾਤੀ ਦੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਹਨ। ਵੇਰਵਿਆਂ ਮੁਤਾਬਕ ਇਨ੍ਹਾਂ ’ਚ ਪਿੰਡ ਕੰਨੀਆ ਹੁਸੈਨੀ ਤੋਂ ਇਲਾਵਾ ਰਾਏਕੋਟ ਨੇੜਲੇ ਪਿੰਡ ਤਲਵੰਡੀ ਰਾਏ, ਸੀਲੋਆਣੀ, ਰਛੀਨ ਤੇ ਧੂਰਕੋਟ ਸ਼ਾਮਲ ਹਨ। ਇਸੇ ਤਰ੍ਹਾਂ ਸੁਧਾਰ ਨੇੜਲੇ ਪਿੰਡ ਘੁਮਾਣ ਦੇ ਕਿਸਾਨ ਅਤੇ ਜਗਰਾਉਂ ਨੇੜਲੇ ਪਿੰਡ ਬਾਰਦੇਕੇ ਦੇ ਕਿਸਾਨ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਇਹ ਸੱਤੇ ਪਰਚੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਦਰਜ ਹੋਏ ਹਨ।

ਇਸ ਸਬੰਧ ’ਚ ਜਿਹੜਾ ਅੱਠਵਾਂ ਪਰਚਾ ਦਰਜ ਹੋਇਆ ਹੈ, ਉਹ ਨੇੜਲੇ ਪਿੰਡ ਭੰਮੀਪੁਰਾ ਦੇ ਇੱਕ ਕਿਸਾਨ ਖ਼ਿਲਾਫ਼ ਹੈ। ਇਸ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਪਿੰਡ ਭੰਮੀਪੁਰਾ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੇਹੜਕਾ ਕਲੋਨੀ ਨਜ਼ਦੀਕੀ ਜ਼ਮੀਨ ’ਚ ਪਰਾਲੀ ਕੱਟਣ ਤੋਂ ਬਾਅਦ ਉਸ ਨੂੰ ਅੱਗ ਲਾਈ ਗਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਖਦੇਵ ਸਿੰਘ ਘਰ ਨਾ ਹੋਣ ਕਰਕੇ ਮਿਲਿਆ ਨਹੀਂ ਪਰ ਉਸਨੂੰ ਪਰਾਲੀ ਸਾੜਨ ਦੇ ਦੋਸ਼ ’ਚ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।