ਤਰਨਤਾਰਨ’ ਚ ਅੱਗ ਦਾ ਤਾਂਡਵ,ਪਿੰਡ ਗੋਲਹਾਵੜ ਵਿੱਚ ਸਥਿਤ ਕੰਬਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ 

ਪੰਜਾਬ ਨਿਊਜ਼,13 ਅਕਤੂਬਰ 2024

ਤਰਨਤਾਰਨ ਦੇ ਪਿੰਡ ਗੋਲਹਾਵੜ ਵਿੱਚ ਸਥਿਤ ਕੰਬਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਸ ਦੌਰਾਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੋਡ ਉੱਪਰ ਮੌਜੂਦ ਕੋਛੜ ਕੰਬਲਾਂ ਦੀ ਫੈਕਟਰੀ ’ਚ ਕਰੀਬ 8.30 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲਿਆ ਹੈ ਪਰ ਗੱਡੀਆਂ ਵੱਲੋਂ ਅੱਗ ਉੱਪਰ ਕਾਬੂ ਪਾਉਣ ਸਬੰਧੀ ਪੂਰੇ ਯਤਨ ਕੀਤੇ ਜਾ ਰਹੇ ਹਨ। ਦੇਰ ਰਾਤ ਕਰੀਬ 11 ਵਜੇ ਤੱਕ ਅੱਗ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੌਰਾਨ ਮੌਕੇ ਉੱਪਰ ਪੁੱਜੇ ਕੰਬਲ ਫੈਕਟਰੀ ਮਾਲਕ ਦੇ ਰਿਸ਼ਤੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਦੀ ਫੈਕਟਰੀ ਹੈ, ਜਿਸ ਦੇ ਇਕ ਸੈਕਸ਼ਨ ’ਚ ਧਾਗਾ ਸਟੋਰ ਕਰ ਕੇ ਰੱਖਿਆ ਜਾਂਦਾ ਸੀ, ਜਿਸ ਤੋਂ ਬਾਅਦ ਕੱਚੇ ਮਾਲ ਰਾਹੀਂ ਕੰਬਲ ਤਿਆਰ ਕਰ ਕੇ ਅੱਗੇ ਸੈਕਸ਼ਨ ’ਚ ਭੇਜੇ ਜਾਂਦੇ ਸਨ।ਉਨ੍ਹਾਂ ਦੱਸਿਆ ਕਿ ਕਰੀਬ 8.30 ਵਜੇ ਅਚਾਨਕ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ ਦੌਰਾਨ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।