ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰੋਮੀ ਗ੍ਰਿਫ਼ਤ’ਚ, ਹਾਂਗਕਾਂਗ ਤੋਂ ਭਾਰਤ ਲਿਆ ਰਹੀ ਹੈ ਪੰਜਾਬ ਪੁਲਿਸ
22 ਅਗਸਤ 2024
ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਤੋਂ ਵੀਰਵਾਰ ਨੂੰ ਭਾਰਤ ਲਿਆਂਦਾ ਗਿਆ, ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਰੋਮੀ ਨੂੰ ਲੈ ਕੇ ਦਿੱਲੀ ਏਅਰਪੋਰਟ ਤੋਂ ਬਾਹਰ ਲੈ ਕੇ ਆਉਣਗੇ। ਰੋਮੀ ਨਾਭਾ ਜੇਲ ਬ੍ਰੇਕ ਮਾਮਲੇ ‘ਚ ਭਗੌੜਾ ਹੈ, ਜਿਸ ਨੂੰ ਗ੍ਰਿਫਤਾਰ ਕਰਨ ‘ਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਾਣਕਾਰੀ ਮੁਤਾਬਕ ਰੋਮੀ ਅੱਤਵਾਦੀ ਗੈਂਗਸਟਰ ਗਠਜੋੜ ਦਾ ਨੋਡਲ ਪੁਆਇੰਟ ਸੀ ਅਤੇ ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ ਦੇ ਕਈ ਮਾਮਲਿਆਂ ‘ਚ ਸ਼ਾਮਲ ਸੀ।
ਰੋਮੀ ਖਿਲਾਫ 2017 ‘ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹਾਂਗਕਾਂਗ ਪੁਲਿਸ ਨੇ 2018 ਵਿੱਚ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਹਾਲ ਹੀ ‘ਚ 6 ਅਗਸਤ 2024 ਨੂੰ ਹਾਂਗਕਾਂਗ ਦੇ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਨੇ ਰਮਨਜੀਤ ਦੇ ਆਤਮ ਸਮਰਪਣ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਪੁਲਿਸ ਅਨੁਸਾਰ ਉਹ 2018 ਤੋਂ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪੰਜਾਬ ਪੁਲਿਸ ਹਾਂਗਕਾਂਗ ਵੀ ਗਈ ਸੀ। ਹੁਣ ਇਸ ਵਿੱਚ ਸਫਲਤਾ ਮਿਲੀ ਹੈ
ਰੋਮੀ ਨੂੰ ਵਾਪਸ ਲਿਆਉਣ ਲਈ ਭਾਰਤ ਨੇ ਲਗਭਗ ਛੇ ਸਾਲਾਂ ਤੱਕ ਲੰਬੀ ਕਾਨੂੰਨੀ ਲੜਾਈ ਲੜੀ ਹੈ। ਉਥੋਂ ਦੀ ਅਦਾਲਤ ਵਿੱਚ ਪੰਜਾਬ ਪੁਲਿਸ ਨੇ ਰਮਨਜੀਤ ਸਿੰਘ ਉਰਫ਼ ਰੋਮੀ ਖ਼ਿਲਾਫ਼ ਦੋਸ਼ ਸਾਬਤ ਕਰ ਦਿੱਤੇ ਸਨ। ਇਸ ਤੋਂ ਬਾਅਦ ਹਾਂਗਕਾਂਗ ਨੇ ਰਮਨਜੀਤ ਸਿੰਘ ਉਰਫ ਰੋਮੀ ਦੀ ਹਵਾਲਗੀ ਕਰ ਦਿੱਤੀ। ਰੋਮੀ ਦੇ ਭਾਰਤ ਪਹੁੰਚਣ ਤੋਂ ਬਾਅਦ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਸ ਦੇ ਨਾਲ ਇਸ ਜੁਰਮ ‘ਚ ਹੋਰ ਕਿੰਨੇ ਲੋਕ ਸ਼ਾਮਲ ਸਨ। ਦੱਸ ਦੇਈਏ ਕਿ 27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ੍ਹ ਤੋਂ 6 ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ ‘ਚ 2 ਅੱਤਵਾਦੀ ਅਤੇ 4 ਗੈਂਗਸਟਰ ਸ਼ਾਮਲ ਸਨ।